ਪਟਿਆਲਾ, 15 ਜਨਵਰੀ (ਬਲਵਿੰਦਰ ਸਿੰਘ ਭੁੱਲਰ, ਜਸਬੀਰ ਮੁਲਤਾਨੀ): ਪੰਜਾਬੀ ਯੂਨੀਵਰਸਟੀ ਨੇ ਉਦੋਂ ਨਵੀਆਂ ਬੁਲੰਦੀਆਂ ਨੂੰ ਛੂਹਿਆ ਜਦ ਇਹ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ (ਐਸ. ਆਈ. ਸੀ. ਆਈ.) ਦੇ ਭਾਰਤੀ ਅਤੇ ਕੈਨੇਡੀਅਨ ਮੈਂਬਰ ਸੰਸਥਾਵਾਂ ਦੀ ਲੀਗ ਵਿਚ ਸ਼ਾਮਲ ਹੋ ਗਈ। ਇਨ੍ਹਾਂ ਸੰਸਥਾਵਾਂ ਦੇ ਹੈੱਡ ਕੁਆਰਟਰ ਨਵੀਂ ਦਿੱਲੀ ਅਤੇ ਕੈਲਗਰੀ, ਕੈਨੇਡਾ ਵਿਖੇ ਹਨ। ਵਾਈਸ- ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਦਸਿਆ ਕਿ ਪੰਜਾਬੀ ਯੂਨੀਵਰਸਟੀ ਪੰਜਾਬ ਰਾਜ ਵਿਚ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਟੀ ਆਫ਼ ਲਾਅ ਤੋਂ ਬਾਅਦ ਦੂਸਰੀ ਯੂਨੀਵਰਸਟੀ ਬਣ ਗਈ ਹੈ।ਉਨ੍ਹਾਂ ਕਿਹਾ ਕਿ ਐਸ.ਆਈ.ਸੀ.ਆਈ. ਕੋਲ ਲਗਪਗ 80 ਭਾਰਤੀ ਮੈਂਬਰ ਸੰਸਥਾਵਾਂ ਹਨ ਜਿਨ੍ਹਾਂ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਟੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ, ਯੂਨੀਵਰਸਟੀ ਆਫ਼ ਦਿੱਲੀ ਸ਼ਾਮਲ ਹਨ ਅਤੇ ਕਈ ਆਈਆਈਟੀਜ਼ ਐਸ.ਆਈ.ਸੀ.ਆਈ. ਦੇ ਮੈਂਬਰ ਹਨ। ਇਸ ਤੋਂ ਇਲਾਵਾ ਵਿਦਿਅਕ ਗਤੀਵਿਧੀਆਂ ਅਤੇ ਆਦਾਨ-ਪ੍ਰਦਾਨ ਰਾਹੀਂ ਇੰਡੋ-ਕੈਨੇਡੀਅਨ ਸਟੱਡੀਜ਼ ਨੂੰ ਉਤਸ਼ਾਹਤ ਕਰਨ ਲਈ 30 ਤੋਂ ਵੱਧ ਕੈਨੇਡੀਅਨ ਇੰਸਟੀਚਿਊਸ਼ਨਜ਼ ਵੀ ਸਥਾਪਤ ਕੀਤੇ ਗਏ ਹਨ। ਇਸ ਦੀ ਮੈਂਬਰਸ਼ਿਪ ਸੰਸਥਾਵਾਂ, ਇਸ ਦੇ ਫ਼ੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਭਾਰਤ ਅਤੇ ਕੈਨੇਡਾ ਦੀਆਂ ਸੰਸਥਾਵਾਂ ਵਿਚ ਸੰਸਥਾਗਤ ਸਹਿਯੋਗ, ਨੈੱਟਵਰਕਿੰਗ ਅਤੇ ਆਦਾਨ-ਪ੍ਰਦਾਨ ਨੂੰ ਉਤਸ਼ਾਹਤ ਕਰਨ ਵਾਲੀਆਂ ਸਕੀਮਾਂ ਦੀ ਵਿਸ਼ਾਲ ਸ਼੍ਰੇਣੀ ਤਹਿਤ ਭਾਰੀ ਮਾਤਰਾ ਵਿਚ ਲਾਭ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ।
ਭਾਰਤ ਅਤੇ ਕੈਨੇਡਾ ਵਿਚ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਪਾਰਟਨਰਜ਼ ਦੁਆਰਾ ਫ਼ੰਡ ਪ੍ਰਾਪਤ ਕਰਨ ਵਾਲੀ ਐਸ.ਆਈ.ਸੀ.ਆਈ. ਦੀਆਂ ਮੁੱਖ ਸਕੀਮਾਂ ਵਿਚ, ਵੋਕੇਸ਼ਨਲ ਐਜੂਕੇਸ਼ਨ ਲਈ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਸ਼ਾਸਤਰੀ ਫ਼ੈਕਲਟੀ ਸਿਖਲਾਈ ਅਤੇ ਅੰਤਰ-ਰਾਸ਼ਟਰੀਕਰਨ ਪ੍ਰੋਗਰਾਮ, ਸ਼ਾਸਤਰੀ ਫ਼ੈਕਲਟੀ ਇਨ ਰੈਜ਼ੀਡੈਂਸ ਪ੍ਰੋਗਰਾਮ (ਐਫ.ਆਈ.ਆਰ.); ਅਕਾਦਮਿਕ ਨੈੱਟਵਰਕ ਲਈ ਗਲੋਬਲ ਇਨੀਸ਼ੀਏਟਿਵ; ਸ਼ਾਸਤਰੀ ਮੈਂਬਰਸ਼ਿਪ ਵਿਕਾਸ ਗ੍ਰਾਂਟ, ਸ਼ਾਸਤਰੀ ਮੋਬੀਲਿਟੀ ਪ੍ਰੋਗਰਾਮ; ਸ਼ਾਸਤਰੀ ਪ੍ਰੋਗਰਾਮ ਵਿਕਾਸ ਗ੍ਰਾਂਟ; ਸ਼ਾਸਤਰੀ ਪ੍ਰਕਾਸ਼ਨ ਗ੍ਰਾਂਟ; ਸ਼ਾਸਤਰੀ ਰਿਸਰਚ ਗ੍ਰਾਂਟ; ਸ਼ਾਸਤਰੀ ਵਿਦਵਾਨ ਟ੍ਰੈਵਲ ਸਬਸਿਡੀ ਗ੍ਰਾਂਟ; ਸ਼ਾਸਤਰੀ ਖੋਜ ਵਿਦਿਆਰਥੀ ਫ਼ੈਲੋਸ਼ਿਪ; ਅਤੇ ਸ਼ਾਸਤਰੀ ਵਿਦਵਾਨ ਟ੍ਰੈਵਲ ਸਬਸਿਡੀ ਗ੍ਰਾਂਟ ਸ਼ਾਮਲ ਹਨ।ਇਹ ਵਕਾਰੀ ਸਕੀਮ ਡਾ. ਘੁੰਮਣ ਦੇ ਸੁਹਿਰਦ ਯਤਨਾਂ ਕਾਰਨ ਪੰਜਾਬੀ ਯੂਨੀਵਰਸਟੀ ਨੂੰ ਪ੍ਰਾਪਤ ਹੋਈ ਹੈ। ਉਹ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਦੀ ਕਾਰਜਕਾਰੀ ਕੌਂਸਲ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਲੰਮੇ ਸਮੇਂ ਲਈ ਉਨ੍ਹਾਂ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਦੇ ਪ੍ਰਤੀਨਿਧ ਵਜੋਂ ਸੇਵਾ ਨਿਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋ ਅੰਤਰਰਾਸ਼ਟਰੀ ਪ੍ਰਾਜੈਕਟਾਂ ਨੂੰ ਐਸ.ਆਈ.ਸੀ.ਆਈ ਵਲੋਂ ਫ਼ੰਡ ਦਿਤੇ ਗਏ ਹਨ।ਇਸ ਸਕੀਮ ਦੇ ਲਾਭਾਂ ਬਾਰੇ ਡਾ. ਘੁੰਮਣ ਨੇ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਰਹਿੰਦੇ ਯੂਨੀਵਰਸਟੀ ਦੇ ਸਾਬਕਾ ਵਿਦਿਆਰਥੀ ਪੰਜਾਬੀ ਯੂਨੀਵਰਸਟੀ ਨਾਲ ਜੁੜਨਗੇ। ਯੂਨੀਵਰਸਟੀ ਨੇ ਪਹਿਲਾਂ ਹੀ ਚਾਰ ਕੈਨੇਡੀਅਨ ਯੂਨੀਵਰਸਟੀਆਂ ਅਤੇ ਫ਼ਰੇਜ਼ਰ ਵੈਲੀ ਯੂਨੀਵਰਸਟੀ, ਅਲਗੋਕਿਨ ਕਾਲਜ ਆਫ਼ ਅਪਲਾਈਡ ਆਰਟਸ ਐਂਡ ਟੈਕਨੋਲੋਜੀ, ਪੰਜਾਬੀ ਭਵਨ, ਟੋਰਾਂਟੋ ਅਤੇ ਰਾਇਲ ਅਕੈਡਮੀ, ਸਰੀ ਵਰਗੀਆਂ ਸਿਖਲਾਈ ਦੀਆਂ ਉਚ ਸੰਸਥਾਵਾਂ ਨਾਲ ਐਮ.ਓ.ਯੂ. ਸਾਈਨ ਕੀਤਾ ਹੋਇਆ ਹੈ।