ਪੰਜਾਬੀ ਯੂਨੀਵਰਸਟੀ ਨੇ ਕੌਡੀਆਂ ਦੇ ਭਾਅ ਵੇਚਿਆ ਪੁਰਾਣਾ ਸਾਮਾਨ

ਚੰਡੀਗੜ੍ਹ, ਚੰਡੀਗੜ੍ਹ


ਪਟਿਆਲਾ, 6 ਸਤੰਬਰ (ਜਸਬੀਰ ਮੁਲਤਾਨੀ) : ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕੀਮਤੀ ਪੁਰਾਤਨ ਫ਼ਰਨੀਚਰ ਨੂੰ ਕੋਡੀਆਂ ਦੇ ਭਾਅ ਵੇਚਣ ਦਾ ਮਾਮਲਾ ਇਕ ਵਾਰ ਫੇਰ ਸੁਰਖੀਆਂ ਵਿਚ ਆ ਗਿਆ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਟੀ ਤੋਂ ਸਸਤਾ ਸਮਾਨ ਖ਼ਰੀਦ ਕੇ ਵਿਦੇਸ਼ਾਂ 'ਚੋਂ ਕਰੋੜਾਂ ਕਮਾਉਣ ਦਾ ਮਾਮਲਾ ਹੈ। ਜਿਸ ਸਬੰਧੀ ਕਾਰਜਕਾਰੀ ਵਾਈਸ ਚਾਂਸਲਰ ਵਲੋਂ ਬਣਾਈ ਜਾਂਚ ਕਮੇਟੀ ਦੀ ਰੀਪੋਰਟ 'ਚ ਹੋਏ ਖ਼ੁਲਾਸਿਆਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਫ਼ਰਨੀਚਰ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪਰਵਾਰ ਮੋਤੀ ਮਹਿਲ ਵਲੋਂ ਦਿਤਾ ਕੀਮਤੀ ਸਮਾਨ ਵੀ ਦਸਿਆ ਜਾ ਰਿਹਾ ਹੈ।

ਸੈਕੂਲਰਯੂਥ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੋਸ਼ ਲਗਾਇਆ ਕਿ ਯੂਨੀਵਰਸਟੀ ਦੇ ਉੱਚ ਅਧਿਕਾਰੀਆਂ ਨੇ ਪੁਰਾਤਨ ਕੀਮਤੀ ਫ਼ਰਨੀਚਰ ਸਿਰਫ਼ 15 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਦਿਤਾ ਹੈ। ਜਿਸ ਨੂੰ ਬਾਅਦ ਵਿਚ ਵਿਦੇਸ਼ਾਂ ਵਿਚ ਵੇਚ ਕੇ ਕਰੋੜਾਂ ਰੁਪਏ ਕਮਾਏ ਗਏ। ਉਨ੍ਹਾਂ ਦਸਿਆ ਕਿ ਇਸ ਮਾਮਲੇ ਸਬੰਧੀ ਸਾਬਕਾ ਕਾਰਜਕਾਰੀ ਵਾਈਸ ਚਾਂਸਲਰ ਅਨੁਰਾਗ ਵਰਮਾ ਨੂੰ ਜਾਂਚ ਸਬੰਧੀ ਸ਼ਿਕਾਇਤ ਦਿਤਾ ਸੀ। ਜਿਸ ਉਪੰਰਤ ਜਾਂਚ ਕਮੇਟੀ ਵਲੋਂ ਸਮਾਨ ਸਸਤੇ ਭਾਅ ਵੇਚਣ ਦਾ ਖੁਲਾਸਾ ਕੀਤਾ ਗਿਆ ਸੀ। ਪਰ ਉਸ ਜਾਂਚ 'ਤੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਸਿਆ ਕਿ ਮੋਤੀ ਮਹਿਲ ਪਟਿਆਲਾ ਵਲੋਂ ਯੂਨੀਵਰਸਟੀ ਬਣਨ 'ਤੇ ਇਹ ਕੀਮਤੀ ਸਮਾਨ ਦਿਤਾ ਗਿਆ ਸੀ।

ਸੰਧੂ ਨੇ ਮੰਗ ਕੀਤੀ ਕਿ ਉਨ੍ਹਾਂ ਨੇ ਮੌਜੂਦਾ ਵਾਈਸ ਚਾਂਸਲਰ ਨੂੰ ਵੀ ਉਕਤ ਮਾਮਲੇ ਸਮੇਤ ਹੋਰ ਵੱਖ-ਵੱਖ ਘਪਲਿਆ ਸਬੰਧੀ ਦਸਿਆ ਹੈ। ਜਿੰਨ੍ਹਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਪੰਜਾਬੀ ਯੂਨੀਵਰਸਟੀ ਪ੍ਰਧਾਨ ਗੁਰਪ੍ਰੀਤ ਗੁਰੀ, ਪਰਮਲਜੀਤ ਸਿੰਘ, ਦਵਿੰਦਰ ਸਿੰਘ ਆਦਿ ਮੌਜੂਦ ਸਨ। ਪੰਜਾਬੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋ ਬੀ.ਐਸ. ਘੁੰਮਣ ਨੇ ਇਸ ਸਬੰਧੀ ਸੰਪਰਕ ਕਰਨ 'ਤੇ ਕਿਹਾ ਕਿ ਉਨ੍ਹਾਂ ਨੇ ਜਾਂਚ ਕਮੇਟੀ ਵਾਲੀ ਫਾਈਲ ਚੈੱਕ ਕਰਨੀ ਹੈ। ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।