ਐਸਏਐਸ
ਨਗਰ, 25 ਸਤੰਬਰ (ਗੁਰਮੁਖ ਵਾਲੀਆ/ਸੋਈ) : ਪੁਲਿਸ ਵਲੋਂ ਮੋਹਾਲੀ ਦੇ ਰਹਿਣ ਵਾਲੇ
ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਸਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਦੀ ਗੁੱਥੀ
ਨੂੰ ਸੁਲਝਾਉਣ ਵਿਚ ਮੁਸਤੈਦੀ ਨਾਲ ਜੁਟੀ ਹੋਈ ਹੈ, ਜਿਸ ਸਬੰਧੀ ਅੱਜ ਪੰਜਾਬ ਪੁਲੀਸ ਦੇ
ਡੀ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿਲੋਂ ਅਤੇ ਆਈ.ਜੀ. ਪੁਲਿਸ ਸ਼ਸ਼ੀਪ੍ਰਭਾ ਨੇ
ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ, ਐਸਪੀ
ਸਿਟੀ ਜਗਜੀਤ ਸਿੰਘ ਜੱਲਾ, ਐਸਪੀ ਡਿਟੈਕਵਿਟ ਹਰਬੀਰ ਸਿੰਘ ਅਟਵਾਲ ਸਮੇਤ ਸਥਾਨਕ ਪੁਲਿਸ ਦੇ
ਅਧਿਕਾਰੀਆਂ ਦੀ ਟੀਮ ਸਾਰਾ ਦਿਨ ਕੋਠੀ ਵਿਚ ਜਾਂਚ ਕਰਦੀ ਰਹੀ।
ਪੁਲਿਸ ਅਨੁਸਾਰ ਉਸ
ਕੋਲ ਕਤਲ ਹੋਏ ਕੇਜੇ ਸਿੰਘ ਦੇ ਘਰ ਦੇ ਬਿਲਕੁਲ ਨਾਲ ਪਾਰਕ 'ਚੋਂ ਕਤਲ ਲਈ ਵਰਤੇ ਤੇਜ਼ਧਾਰ
ਚਾਕੂਆਂ ਦੇ ਕਵਰ ਮਿਲੇ ਹਨ, ਜਿਨ੍ਹਾਂ ਨਾਲ ਕੇ.ਜੇ. ਸਿੰਘ ਦਾ ਕਤਲ ਕੀਤਾ ਹੈ। ਪੁਲਿਸ
ਵਲੋਂ ਕੌਰ ਵੀ ਕਈ ਥਿਊਰੀਆਂ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਾਤਲ ਜਲਦੀ ਫੜੇ ਜਾਣ।
ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਬਜ਼ੁਰਗ ਮਾਂ ਬੀਬੀ ਗੁਰਚਰਨ ਕੌਰ ਕਤਲ
ਕਾਂਡ ਸਬੰਧੀ ਮੁਹਾਲੀ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਚਾਰ ਵਿਅਕਤੀਆਂ ਕੋਲੋਂ ਪੁੱਛਗਿੱਛ
ਕੀਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਚਾਰੇ ਵਿਅਕਤੀ ਕੇ.ਜੇ. ਦੇ ਨਜ਼ਦੀਕੀ ਰਿਸ਼ਤੇਦਾਰੀ 'ਚੋਂ ਹਨ। ਜਿਨ੍ਹਾਂ ਤੋਂ ਕਰਾਸ ਪੁੱਛਗਿੱਛ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਮੁੱਢਲੀ ਪੁੱਛਗਿੱਛ ਮਗਰੋਂ ਤਿੰਨ ਜਣਿਆਂ ਨੂੰ ਛੱਡ ਦਿਤਾ ਹੈ ਪ੍ਰੰਤੂ ਇਕ ਵਿਅਕਤੀ ਹਾਲੇ ਵੀ ਪੁਲਿਸ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਇਸ ਦੋਹਰੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਸਬੂਤ ਜੁਟਾਉਣ ਵਿਚ ਜੁਟੀ ਹੋਈ ਹੈ। ਹਾਈ ਪ੍ਰੋਫਾਈਲ ਮਾਮਲਾ ਹੋਣ ਕਾਰਨ ਪੁਲਿਸ ਵਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਉਸ ਵਲੋਂ ਹਰ ਛੋਟੀ ਤੋਂ ਛੋਟੀ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਵਲੋਂ ਭਾਵੇਂ ਅੱਜ ਸਾਰਾ ਦਿਨ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਅਤੇ ਜਾਂਚ ਦੌਰਾਨ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਪੁਲਿਸ ਨੇ ਕੋਠੀ ਵਿਚ
ਫਾਰੈਂਸਿਕ ਮਾਹਿਰਾਂ ਨੂੰ ਬੁਲਾ ਕੇ ਜਾਂਚ ਕਰਵਾਈ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ
ਬੁਲਾਇਆ ਗਿਆ। ਪੁਲਿਸ ਵਲੋਂ ਮ੍ਰਿਤਕ ਦੇ ਮਕਾਨ ਤੋਂ ਇਕ ਮਕਾਨ ਛੱਡ ਕੇ ਰਹਿਣ ਵਾਲੇ ਪਰਵਾਰ
ਵਲੋਂ ਅਪਣੇ ਘਰ ਦੇ ਬਾਹਰ ਲਗਵਾਏ ਸੀਸੀਟੀਵੀ ਕੈਮਰੇ ਦੇ ਫੁਟੇਜ ਵੀ ਵੇਖੀ ਗਈ। ਇਹ ਪਰਵਾਰ
ਘਟਨਾ ਵੇਲੇ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਅੱਜ ਹੀ ਪਰਤਿਆ।
ਐਸਐਸਪੀ ਕੁਲਦੀਪ ਸਿੰਘ
ਚਾਹਲ ਨੇ ਇਸ ਸਬੰਧੀ ਸੰਪਰਕ ਕਰਨ 'ਤੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ
ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕੁੱਝ ਵੀ ਕਹਿਣ ਤੋਂ ਇਨਕਾਰ ਕਰ
ਦਿਤਾ।