ਕੁਰਾਲੀ, 31 ਅਗੱਸਤ (ਸੁਖਵਿੰਦਰ ਸਿੰਘ ਸੁੱਖੀ) : ਸ਼ਹਿਰ ਦੇ ਸਿਸਵਾਂ ਰੋਡ 'ਤੇ ਬਣੇ ਪਟਵਾਰਖ਼ਾਨੇ ਅੱਗੇ ਪਿੰਡਾਂ ਨੂੰ ਜਾਣ ਵਾਲੀਆਂ ਬਸਾਂ ਖੜਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਕੁਰਾਲੀ ਤੋਂ ਪੰਜਾਬ ਰੋਡਵੇਜ਼, ਸੀ.ਟੀ.ਯੂ. ਅਤੇ ਪ੍ਰਾਈਵੇਟ ਮਿੰਨੀ ਬਸਾਂ ਨੇੜਲੇ ਪਿੰਡਾਂ ਖਿਜ਼ਰਾਬਾਦ, ਮੁੱਲਾਂਪੁਰ ਗ਼ਰੀਬਦਾਸ ਅਤੇ ਚੰਡੀਗੜ੍ਹ ਤਕ ਜਾਣ ਵਾਲੀਆਂ ਲੋਕਲ ਬਸਾਂ ਦਾ ਅੱਡਾ ਸਿਸਵਾਂ ਰੋਡ 'ਤੇ ਬਣਿਆ ਹੋਇਆ ਹੈ ਜਿਥੇ ਬਕਾਇਦਾ ਇਮਾਰਤ ਤਿਆਰ ਕਰ ਕੇ ਲੋਕਾਂ ਨੂੰ ਸਹੂਲਤਾਂ ਦਿਤੀਆਂ ਗਈਆਂ ਹਨ ਪਰ ਬੱਸ ਚਾਲਕ ਉਸ ਥਾਂ 'ਤੇ ਬਸਾਂ ਖੜੀਆਂ ਕਰਨ ਦੀ ਬਜਾਏ ਸੜਕ ਦੇ ਬਿਲਕੁਲ ਨਾਲ ਪਟਵਾਰਖ਼ਾਨੇ ਅੱਗੇ ਬਸਾਂ ਖੜੀਆਂ ਕਰ ਦਿੰਦੇ ਹਨ ਜਿਸ ਕਾਰਨ ਪਟਵਾਰਖ਼ਾਨੇ ਵਿਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਕਈ ਵਾਰ ਉਕਤ ਥਾਂ 'ਤੇ ਦੋ ਤੋਂ ਤਿੰਨ ਬਸਾਂ ਪਟਵਾਰਖਾਨੇ ਅੱਗੇ ਖੜੀਆਂ ਹੋਣ ਕਾਰਨ ਉਥੇ ਕੋਈ ਦੋਪਹੀਆ ਵਾਹਨ ਵੀ ਨਹੀਂ ਲੰਘ ਸਕਦਾ ਅਤੇ ਚਾਰ ਪਹੀਆ ਵਾਹਨ ਨੂੰ ਦੂਰ ਖੜੇ ਕਰਨਾ ਪੈਂਦਾ ਹੈ ਅਤੇ ਕਈ ਵਾਹਨ ਤਾਂ ਲੋਕੀ ਸੜਕ ਕਿਨਾਰੇ ਖੜੇ ਕਰ ਕੇ ਪਟਵਾਰਖ਼ਾਨੇ ਵਿਚ ਚਲੇ ਜਾਂਦੇ ਹਨ। ਜਿਸ ਕਾਰਨ ਜਿਥੇ ਕੋਈ ਸੜਕੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਉਥੇ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ। ਇਸ ਸਬੰਧੀ ਸੰਮਤੀ ਮੈਂਬਰ ਜ਼ੈਲਦਾਰ ਕਮਲਜੀਤ ਸਿੰਘ ਸਿੰਘਪੁਰਾ ਨੇ ਕਿਹਾ ਕਿ ਉਕਤ ਥਾਂ ਤੇ ਖੜਦੀਆਂ ਬਸਾਂ ਲੋਕਾਂ ਦੇ ਜੀਅ ਦਾ ਜੰਜਾਲ ਬਣੀਆਂ ਹੋਈਆਂ ਹਨ। ਇਥੇ ਕਈ ਵਾਰ ਜਾਮ ਦੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਦਸਿਆ ਕਿ ਬੱਸ ਚਾਲਕਾਂ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਉਹ ਬਸਾਂ ਨੂੰ ਪਾਸੇ ਨਹੀਂ ਕਰਦੇ ਅਤੇ ਵਾਹਨ ਚਾਲਕਾਂ ਨੂੰ ਉਲਟ ਪਾਸੇ ਤੋਂ ਨਿਲਕਣਾ ਪੈਂਦਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਥਾਂ ਤੇ ਖੜਨ ਵਾਲੀਆਂ ਬੱਸਾਂ ਨੂੰ ਅੰਦਰ ਬਣੇ ਬੱਸ ਸਟੈਂਡ ਵਿਚ ਖੜਾਉਣ ਦੀਆਂ ਹਦਾਇਤਾਂ ਦਿਤੀਆਂ ਜਾਣ ਤਾਂ ਜੋ ਲੋਕਾਂ ਨੂੰ ਆਉਣ ਵਾਲੀਆਂ ਸਮਸਿਆਵਾਂ ਦਾ ਹੱਲ ਹੋ ਸਕੇ। ਇਸ ਸਬੰਧੀ ਸੰਪਰਕ ਕਰਨ 'ਤੇ ਟ੍ਰੈਫ਼ਿਕ ਪੁਲਿਸ ਕੁਰਾਲੀ ਦੇ ਮੁਖੀ ਨਿੱਕਾ ਰਾਮ ਨੇ ਕਿਹਾ ਕਿ ਸੜਕ ਕਿਨਾਰੇ ਖੜਨ ਵਾਲੀਆਂ ਬਸਾਂ ਦੇ ਚਾਲਕਾਂ ਨੂੰ ਹਦਾਇਤਾਂ ਕਰ ਕੇ ਬਸਾਂ ਬੱਸ ਅੱਡੇ 'ਚ ਖੜੀਆਂ ਕਰਵਾਈਆਂ ਜਾਣਗੀਆਂ।