ਚੰਡੀਗੜ੍ਹ, 17 ਫ਼ਰਵਰੀ (ਸਸਸ): ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ੍ਹ ਚੈਪਟਰ ਵਲੋਂ 'ਸੋਸ਼ਲ ਮੀਡੀਆ ਦਾ ਮੰਤਵ ਤੇ ਚੁਨੌਤੀਆਂ' ਵਿਸ਼ੇ 'ਤੇ ਕਰਵਾਏ ਸੈਮੀਨਾਰ ਵਿਚ ਵਿਚਾਰ-ਚਰਚਾ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਸੋਸ਼ਲ ਮੀਡੀਆ ਦੀ ਵਿਵਹਾਰਕ ਤੌਰ 'ਤੇ ਸਹੀ ਅਰਥਾਂ ਵਿਚ ਯੋਗ ਵਰਤੋਂ ਅਤੇ ਲੋੜ ਅਨੁਸਾਰ ਹੀ ਵਰਤੋਂ ਹੋਣੀ ਚਾਹੀਦੀ ਹੈ। ਸਮੂਹ ਵਕਤਾ ਅਤੇ ਸਰੋਤੇ ਇਸ ਗੱਲ 'ਤੇ ਇਕਮਤ ਸਨ ਕਿ ਨਵੇਂ ਯੁੱਗ ਦਾ ਇਹ 'ਅਵਤਾਰ' (ਸੋਸ਼ਲ ਮੀਡੀਆ) ਸਮਾਜ ਦੇ ਤਾਣੇ-ਬਾਣੇ, ਆਮ ਲੋਕ ਰਾਏ ਅਤੇ ਮਨੋਵੇਗ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ ਇਸ ਲਈ ਨਵੀਂ ਪੀੜ੍ਹੀ ਨੂੰ ਇਸ ਮੀਡੀਆ ਦੇ ਮੁਥਾਜੀ ਬਣਨ ਅਤੇ ਇਸ ਨੂੰ ਹੱਦੋਂ ਵੱਧ ਵਰਤਣ ਤੋਂ ਰੋਕਣ ਲਈ ਵਿਹਾਰਕ ਅਤੇ ਕਾਨੂੰਨੀ ਨੇਮ ਬਣਾਏ ਜਾਣੇ ਚਾਹੀਦੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਸੋਲਿਸਟਰ ਜਨਰਲ ਸੱਤਪਾਲ ਜੈਨ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨਾਲ ਬੱਚਿਆਂ ਦੇ ਜੀਵਨ 'ਤੇ ਹਰ ਤਰ੍ਹਾਂ ਦਾ ਮਾੜਾ ਪ੍ਰਭਾਅ ਪੈ ਰਿਹਾ ਹੈ। ਉਨ੍ਹਾਂ ਦੀ ਰਾਏ ਸੀ ਕਿ ਫ਼ਿਲਹਾਲ ਇਸ ਮੀਡੀਆ ਦੀ ਕੁਵਰਤੋਂ ਨੂੰ ਠੱਲਣ ਲਈ ਕਾਨੂੰਨ ਬਣਾਉਣੇ ਔਖੇ ਹਨ ਪਰ ਸਮਾਜ ਵਿਚ ਇਸ ਸਬੰਧੀ ਜਾਗਰੂਕਤਾ ਲਿਆਉਣ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿਖਿਆ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ।