ਪਿੰਡ ਕੁੱਬਾਹੇੜੀ 'ਚ ਨਾਜਾਇਜ਼ ਮਾਈਨਿੰਗ ਵਾਲਿਆਂ ਨੇ ਪਾਏ ਡੂੰਘੇ ਟੋਏ

ਚੰਡੀਗੜ੍ਹ, ਚੰਡੀਗੜ੍ਹ



ਮਾਜਰੀ, 10 ਸਤੰਬਰ (ਸੁਖਵਿੰਦਰ ਸਿੰਘ ਸੁੱਖੀ) : ਪਿੰਡ ਕੁੱਬਾਹੇੜੀ ਦੇ ਵਸਨੀਕ ਲਾਭ ਸਿੰਘ ਪੁੱਤਰ ਹਾਕਮ ਸਿੰਘ ਨੇ ਨਾਜਾਇਜ਼ ਮਾਈਨਿੰਗ ਬਾਰੇ ਸ਼ਿਕਾਇਤੀ ਕੀਤੀ ਕਿ ਉਨ੍ਹਾਂ ਦੀ ਮੋਟਰ ਲਾਗਲੇ ਖੇਤਾਂ ਵਿਚੋਂ ਕੱਬਾਹੇੜੀ ਤੋਂ ਅਭੀਪੁਰ ਵਲ ਜਾਂਦੀ ਸੜਕ 'ਤੇ ਸÎਿਥਤ ਇਕ ਕਰੈਸ਼ਰ ਦੇ ਮਾਲਕ ਵਲੋ ਰੋਜ਼ਾਨਾ ਰਾਤ ਸਮੇਂ ਨਾਜਾਇਜ਼ ਗਰੈਵਰ ਪੁੱਟ ਕੇ ਕਥਿਤ ਤੌਰ 'ਤੇ ਮਾਈਨਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰੈਸ਼ਰ ਮਾਲਕ ਵਲੋਂ ਕੀਤੀ ਜਾਂਦੀ ਨਾਜਾਇਜ਼ ਮਾਈਨਿੰਗ ਦੇ ਚਲਦਿਆਂ ਉਨ੍ਹਾਂ ਦੇ ਖੇਤਾਂ ਵਿਚ ਖੜੀ ਝੋਨੇ ਦੀ ਫ਼ਸਲ ਦਾ ਕਾਫ਼ੀ ਰਕਬਾ ਧੱਸ ਗਿਆ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਉਹ ਵਿਭਾਗ ਦੇ ਅਧਿਕਾਰੀਆਂ ਕੋਲ ਕਈ ਵਾਰ ਸ਼ਿਕਾਇਤ ਕਰ ਚੁਕੇ ਹਨ ਪਰ ਅਧਿਕਾਰੀਆਂ ਨੇ ਉਥੇ ਆ ਕੇ ਮੌਕਾ ਦੇਖਣਾ ਤਾਂ ਦੂਰ ਦੀ ਗੱਲ, ਬਲਕਿ ਕਥਿਤ ਤੌਰ 'ਤੇ ਕਰੈਸ਼ਰ ਮਾਲਕਾਂ ਨਾਲ ਗੰਢ-ਤੁੱਪ ਕਰ ਕੇ ਅਪਣੀਆਂ ਜੇਬਾਂ ਭਰਨ ਨੂੰ ਹੀ ਤਰਜੀਹ ਦਿਤੀ ਜਾ ਰਹੀ ਹੈ।
ਉਕਤ ਕਿਸਾਨ ਅਨੁਸਾਰ ਇਲਾਕੇ ਦੇ ਲੋਕਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਦੀਆਂ ਅੱਖਾਂ ਵਿਚ ਧੂੜ ਪਾਉਣ ਲਈ ਇਹ ਕਰੈਸ਼ਰ ਅਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਦਿਨ ਭਰ ਬੰਦ ਰਹਿੰਦਾ ਹੈ ਅਤੇ ਸ਼ਾਮ ਢਲਦਿਆਂ ਹੀ ਸਾਰੀ ਰਾਤ ਇਹ ਗੋਰਖ ਧੰਦਾ ਬੇਖ਼ੌਫ ਚਲਦਾ ਹੈ।
ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਇਸ ਸਬੰਧੀ ਮੌਕਾ ਵਿਖਾਉਂਦਿਆਂ ਪੀੜਤ ਕਿਸਾਨ ਲਾਭ ਸਿੰਘ ਨੇ ਦਸਿਆ ਕਿ ਬੀਤੀ ਰਾਤ ਵੀ ਕਰਿੰਦਿਆਂ ਵਲਂੋ ਮਾਈਨਿੰਗ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਅਤੇ ਮਾਲ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਅਪਣੀ ਨੁਕਸਾਨੀ ਫ਼ਸਲ ਦਾ ਮੌਕਾ ਵੀ ਵਿਖਾਇਆ। ਇਸੇ ਦੌਰਾਨ ਮੌਕਾ ਵੇਖਣ 'ਤੇ ਉਕਤ ਖੇਤਾਂ ਵਿਚ 25 ਤੋਂ 30 ਫੁੱਟ ਤਕ ਟੋਏ ਪਏ ਹੋਏ ਸਨ। ਜਿੱਥੇ ਆਉਣ ਵਾਲੇ ਸਮੇਂ ਵਿਚ ਕੋਈ ਵੀ ਹਾਦਸਾ ਵਾਪਰਨ ਦਾ ਡਰ ਹੈ।