ਪਿਸਤੌਲ ਦੀ ਨੋਕ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰਨ ਲੋਕਾਂ 'ਚ ਦਹਿਸ਼ਤ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 27 ਦਸੰਬਰ (ਤਰੁਣ ਭਜਨੀ) : ਸ਼ਹਿਰ 'ਚ ਪਿਛਲੇ ਕੁੱਝ ਦਿਨਾਂ ਤੋਂ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸ ਦੇ ਉਲਟ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕਰਨ ਵਿਚ ਪੁਲਿਸ ਬੇਵਸ ਨਜ਼ਰ ਆ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਪਹਿਲਾਂ ਤਾਂ ਬਦਮਾਸ਼ ਕੇਵਲ ਗੱਡੀਆਂ ਲੁੱਟ ਰਹੇ ਸਨ, ਪਰ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਪਹੁੰਚਾ ਰਹੇ ਸਨ। ਪਰ ਹਾਲ ਹੀ ਵਿਚ ਵਾਪਰੀਆਂ ਲੁੱਟ ਦੀਆਂ ਵਾਰਦਾਤਾਂ ਵਿਚ ਬਦਮਾਸ਼ ਇਕ ਵਿਅਕਤੀ ਨੂੰ ਅਗ਼ਵਾ ਕਰ ਕੇ ਲੈ ਗਏ, ਜਦਕਿ ਦੂਜੇ ਮਾਮਲੇ ਵਿਚ ਇਕ ਨੌਜਵਾਨ ਨੂੰ ਲੁੱਟਣ ਤੋਂ ਬਾਅਦ ਸਿਰ ਵਿਚ ਪਿਸਤੌਲ ਦਾ ਬੱਟ ਮਾਰ ਕੇ ਫ਼ਰਾਰ ਹੋ ਗਏ। ਇਸ ਤੋਂ ਇਹ ਸਾਫ਼ ਹੈ ਕਿ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਬੀਤੇ ਸੋਮਵਾਰ ਕਾਰ ਸਵਾਰ ਤਿੰਨ ਨੌਜਵਾਨਾਂ ਵਲੋਂ ਜ਼ੀਰਕਪੁਰ ਤੋਂ ਵਾਪਸ ਸੈਕਟਰ 56 ਸਥਿਤ ਘਰ ਜਾ ਰਹੇ ਇਕ 40 ਸਾਲਾ ਬੱਚੇ ਨੂੰ ਪਿਸਤੌਲ ਦੀ ਨੋਕ 'ਤੇ ਅਗ਼ਵਾ ਕਰ ਕੇ ਖੰਨਾ ਲੈ ਗਏ। ਜਿਥੇ ਉਸ ਦੇ ਖਾਤੇ ਤੋਂ ਏਟੀਐਮ ਰਾਹੀਂ 10 ਹਜ਼ਾਰ ਰੁਪਏ ਅਤੇ ਉਸ ਦਾ ਮੋਬਾਈਲ ਖੋਹ ਕੇ ਵਿਅਕਤੀ ਨੂੰ ਉਥੇ ਹੀ ਛੱਡ ਫ਼ਰਾਰ ਹੋ ਗਏ। ਇਸੇ ਤਰ੍ਹਾਂ ਤਾਜ਼ਾ 

ਮਾਮਲਾ ਸੈਕਟਰ 22 ਦਾ ਹੈ। ਜਿਥੇ ਰਾਤ ਦੇ ਸਮੇਂ ਮੋਟਰਸਾਈਕਲ ਸਵਾਰ ਸੰਜੀਵ ਨਾਮ ਦੇ ਨੌਜਵਾਨ ਨੂੰ ਕਾਰ ਸਵਾਰ ਨੌਜਵਾਨਾਂ ਨੇ ਰੋਕਿਆ ਅਤੇ ਪਿਸਤੌਲ ਦੀ ਨੋਕ 'ਤੇ 10 ਹਜ਼ਾਰ ਰੁਪਏ ਅਤੇ ਸੋਨੇ ਦੀ ਚੇਨ ਲੁੱਟ ਲਈ। ਇਸ ਤੋਂ ਬਾਅਦ ਬਦਮਾਸ਼ ਸੰਜੀਵ ਦੇ ਸਿਰ ਵਿਚ ਪਿਸਤੌਲ ਦਾ ਬੱਟ ਮਾਰ ਕੇ ਫ਼ਰਾਰ ਹੋ ਗਏ। ਸ਼ਹਿਰ 'ਚ ਵਾਪਰੀਆਂ ਲੁੱਟ ਦੀਆਂ ਜ਼ਿਆਦਾਤਰ ਵਾਰਦਾਤਾਂ ਦੇਰ ਰਾਤ ਦੀਆਂ ਹਨ, ਜਿਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਰਾਤ ਦੇ ਸਮੇਂ ਸ਼ਹਿਰ ਸੁਰੱਖ਼ਿਅਤ ਨਹੀ ਹੈ।ਲੋਕਾਂ ਵਿਚ ਹੈ ਦਹਿਸ਼ਤਮਨੀਮਾਜਰਾ ਵਾਸੀ ਰਾਮੇਸ਼ਵਰ ਗਿਰੀ ਨੇ ਦਸਿਆ ਕਿ ਉਹ ਕਈ ਵਾਰੀ ਦੇਰ ਰਾਤ ਘਰ ਜਾਂਦੇ ਹਨ। ਅਜਿਹੇ ਹਾਲਾਤ ਵਿਚ ਉਹ ਰਾਤ ਨੂੰ ਬਾਹਰ ਨਿਕਲਣ ਤੋਂ ਡਰ ਰਹੇ ਹਨ। ਪੁਲਿਸ ਇਨ੍ਹਾਂ ਲੋਕਾਂ ਨੂੰ ਕਾਬੂ ਕਰਨ ਵਿਚ ਹਾਲੇ ਤਕ ਫ਼ੇਲ੍ਹ ਸਾਬਤ ਹੋਈ ਹੈ। ਸੈਕਟਰ 27 ਵਾਸੀ ਆਰਪੀ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਆਏ ਦਿਨ ਦਿੱਲੀ ਵਿਚ ਕੰਮ ਦੇ ਚੱਕਰ ਵਿਚ ਗੇੜਾ ਲਗਦਾ ਰਹਿੰਦਾ ਹੈ ਅਤੇ ਕਈ ਵਾਰ ਘਰ ਆਉਂਦਿਆਂ ਤਕ ਰਾਤ ਹੋ ਜਾਂਦੀ ਹੈ। ਅਜਿਹੇ ਵਿਚ ਜੇਕਰ ਸ਼ਹਿਰ ਦੇ ਹਾਲਾਤ ਅਜਿਹੇ ਹੋਣਗੇ ਤਾਂ ਉਨ੍ਹਾਂ ਲਈ ਕਾਫ਼ੀ ਪ੍ਰੇਸ਼ਾਨੀ ਹੋ ਜਾਵੇਗੀ।