ਰਾਹੁਲ ਗਾਂਧੀ ਨਾਲ ਮਿਲਣੀ ਕੈਂਪਸ 'ਚ ਚਰਚਾ ਦਾ ਵਿਸ਼ਾ ਬਣੀ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 11 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਜੇਤੂ ਐਨ.ਐਸ.ਯੂ.ਆਈ. ਟੀਮ ਦੇ ਨੇਤਾਵਾਂ ਤੋਂ ਇਲਾਵਾ ਇਨ੍ਹਾਂ ਚੋਣਾਂ ਨਾਲ ਜੁੜੇ ਅਧਿਆਪਕਾਂ ਦੀ ਟੀਮ ਵਲੋਂ ਨਵੀਂ ਦਿੱਲੀ ਜਾ ਕੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਕੀਤੇ ਮਿਲਣੀ ਕੈਂਪਸ 'ਚ ਜਿਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਥੇ ਹੀ ਵਿਰੋਧੀ ਵਿਦਿਆਰਥੀ ਸੰਗਠਨਾਂ ਦੇ ਨੇਤਾਵਾਂ ਨੇ ਇਸ ਮਿਲਣੀ 'ਤੇ ਇਤਰਾਜ ਵੀ ਕੀਤਾ ਹੈ।
ਪੁਸੂ ਨੇਤਾਵਾਂ ਨੇ ਮੀਡੀਆ ਕਰਮੀਆਂ ਨੂੰ ਭੇਜੇ ਵਟਸਐਪ ਸੁਨੇਹਿਆਂ 'ਚ ਪੂਰੀ ਚੋਣ ਪ੍ਰਕਿਰਿਆ 'ਤੇ ਸਵਾਲ ਉਠਾਉਂਦਿਆਂ ਚੋਣਾਂ ਦੁਬਾਰਾ ਕਰਵਾਉਣ ਦੀ ਮੰਗ ਵੀ ਕੀਤੀ ਹੈ। ਪੁਸੂ ਪ੍ਰਧਾਨ ਕਵਲਦੀਪ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਮਿਲੀ ਹਾਰ ਮਗਰੋਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ, ਨੇ ਅਜਿਹੇ ਇਕ ਵਟਸਐਪ ਸੁਨੇਰੇ ਰਾਹੀਂ ਚੋਣਾਂ ਕਿਸੇ ਬਾਹਰੀ ਏਜੰਸੀ ਦੀ ਨਿਗਰਾਨੀ 'ਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਕਵਲਦੀਪ ਨੇ ਦੋਸ਼ ਲਾਇਆ ਕਿ ਇਨ੍ਹਾਂ ਚੋਣਾਂ ਵਿਚ ਯੂਨੀਵਰਸਟੀ ਅਥਾਰਟੀ ਨੇ ਐਨ.ਐਸ.ਯੂ.ਆਈ. ਟੀਮ ਨੂੰ ਜਿਤਾਇਆ ਹੈ।
ਪੂਸੂ ਨੇਤਾ ਨੇ ਇਨ੍ਹਾਂ ਅਧਿਆਪਕਾਂ ਦੀ ਸ੍ਰੀ ਰਾਹੁਲ ਗਾਂਧੀ ਨਾਲ ਫ਼ੋਟੋ ਵੀ ਭੇਜੀ ਹੈ। ਇਸ ਮਿਲਣੀ ਸਬੰਧੀ ਐਨ.ਐਸ.ਯੂ.ਆਈ. ਨੇਤਾ ਸੰਨੀ ਮਹਿਤਾ ਨੇ ਦਸਿਆ ਕਿ ਇਸ ਵਿਚ ਕੋਈ ਗ਼ਲਤ ਗੱਲ ਨਹੀ ਹੈ, ਕਿਉਂਕਿ ਵਿਤੀ ਸੰਕਟ ਮੌਕੇ ਉਨ੍ਹਾਂ ਨੇ ਯੂਨੀਵਰਸਟੀ ਦੀ ਮਦਦ ਕਰਵਾਈ ਸੀ। ਦੂਜਾ ਅਧਿਆਪਕ ਵੀ ਇਸੇ ਕਰ ਕੇ ਧਨਵਾਦ ਕਰਨ ਗਏ ਸਨ। ਆਈ.ਐਸ. ਏ. ਦੇ ਕਰਨਬੀਰ ਸਿੰਘ ਰੰਧਾਵਾ ਜੋ ਸੰਯੁਕਤ ਸਕੱਤਰ ਦੀ ਸੀਟ 'ਤੇ ਚੋਣ ਜਿੱਤੇ ਹਨ, ਨੇ ਇਸ ਮਿਲਣੀ ਬਾਰੇ ਕਿਹਾ ਕਿ ਅਧਿਆਪਕਾਂ ਦਾ ਇਸ ਤਰ੍ਹਾਂ ਮਿਲਣਾ ਗ਼ਲਤ ਸੰਦੇਸ਼ ਦੇ ਗਿਆ। ਅਜਿਹੇ ਵਿਵਾਦਾਂ ਤੋਂ ਬਚਣ ਦੀ ਲੋੜ ਹੈ। ਐਸ.ਐਫ਼.ਐਸ. ਨੇਤਾ ਨੇ ਦਸਿਆ ਕਿ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਯੂਨੀਵਰਸਟੀ ਪ੍ਰਸ਼ਾਸਨ ਉੁਨ੍ਹਾਂ ਦੇ ਸੰਗਠਨ ਨੂੰ ਜਿੱਤਣਾ ਵੇਖਣਾ ਨਹੀਂ ਸੀ ਚਾਹੁੰਦਾ। ਹੁਣ ਇਸ ਮਿਲਣੀ ਨੂੰ ਸਾਡੇ ਸ਼ੱਕ 'ਤੇ ਮੋਹਰ ਲਗਾ ਦਿਤੀ ਹੈ। ਉਹ ਇਸ ਮਾਮਲੇ 'ਤੇ ਵਿਦਿਆਰਥੀਆਂ ਦੇ ਵਿਚਾਰ ਲੈ ਰੇ ਹਨ ਅਤੇ ਛੇਤੀ ਹੀ ਮੀਡੀਆ ਨੂੰ ਜਾਣਕਾਰੀ ਦਿਤੀ ਜਾਵੇਗੀ।
ਇਸ ਪੂਰੇ ਮਾਮਲੇ ਬਾਰੇ ਜਦੋਂ ਰਾਹੁਲ ਗਾਂਧੀ ਨਾਲ ਮਿਲਣ ਵਾਲੇ ਅਧਿਆਪਕਾਂ 'ਚੋਂ ਪ੍ਰੋ. ਯੋਗਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੰਜਾਬੀ ਵਿਭਾਗ 'ਚੋਂ ਐਨ.ਐਸ.ਯੂ.ਆÂਂ. ਨੂੰ ਕੇਵਲ 16 ਅਤੇ ਐਸ.ਐਫ਼.ਐਸ. ਨੂੰ 66 ਵੋਟਾਂ ਮਿਲੀਆਂ ਹਨ, ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਯੂਨੀਵਰਸਟੀ ਕਈ ਫ਼ੰਡਾਂ 'ਚ ਵਾਧੇ ਸਬੰਧੀ ਧੰਨਵਾਦ ਕਰਨ ਗਏ ਸਨ, ਕਿਉਂਕਿ  ਪੰਜਾਬ ਸਰਕਾਰ ਨੇ ਇਸ ਨਾਲ ਗਰਾਂਟ 'ਚ ਵਾਧਾ ਕੀਤਾ ਹੈ। ਉੁਨ੍ਹਾਂ ਦਾ ਐਨ.ਐਸ.ਯੂ.ਆਈ. ਨਾਲ ਕੋਈ ਲੈਣਾ-ਦੇਣਾ ਨਹੀਂ।