ਸਾਬਕਾ ਐਸ.ਐਸ.ਪੀ. ਵਿਰੁਧ ਪਰਚਾ ਦਰਜ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਬਕਾ ਐਸ.ਐਸ.ਪੀ.ਸੁਰਜੀਤ ਸਿੰਘ ਗਰੇਵਾਲ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤਹਿਤ ਵਿਜੀਲੈਂਸ ਪੁਲਿਸ ਪਟਿਆਲਾ ਨੇ ਪਰਚਾ ਦਰਜ ਕੀਤਾ ਹੈ। ਸੁਰਜੀਤ ਸਿੰਘ ਗਰੇਵਾਲ ਦੀ 15 ਸਾਲਾਂ ਦੌਰਾਨ ਆਮਦਨ ਤਾਂ 2 ਕਰੋੜ 12 ਲੱਖ ਸੀ ਪਰ ਉਸ ਨੇ ਖ਼ਰਚਾ 12 ਕਰੋੜ 19 ਲੱਖ ਕੀਤਾ। ਉਸ ਨੇ ਕਾਰਾਂ, ਕੋਠੀਆਂ ਅਤੇ ਬੰਗਲੇ ਬਣਾਉਣ ਤੋਂ ਇਲਾਵਾ 12 ਏਕੜ ਜ਼ਮੀਨ ਵੀ ਖ਼ਰੀਦੀ ਜੋ ਅਪਣੇ ਲੜਕੇ ਜਸਜੀਤ ਸਿੰਘ ਦੇ ਨਾਮ ਤਬਦੀਲ ਕਰਵਾ ਦਿਤੀ ਸੀ।

ਵਿਜੀਲੈਂਸ ਪੁਲਿਸ ਪਟਿਆਲਾ ਦੇ ਐਸ.ਐਸ.ਪੀ. ਨੇ ਜਾਂਚ ਤੋਂ ਬਾਅਦ ਸੁਰਜੀਤ ਸਿੰਘ ਗਰੇਵਾਲ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ। ਸੁਰਜੀਤ ਸਿੰਘ ਗਰੇਵਾਲ 31 ਦਸੰਬਰ ਨੂੰ ਐਸ. ਐਸ.ਪੀ. ਮੋਗਾ ਤੋਂ ਸੇਵਾਮੁਕਤ ਹੋਏ ਸਨ। ਪਹਿਲਾਂ ਉਹ ਐਸ.ਪੀ. ਵਿਜੀਲੈਂਸ ਜਲੰਧਰ ਵੀ ਤਾਇਨਾਤ ਰਹੇ ਸਨ। 

ਜੋ ਜਾਂਚ ਕੀਤੀ ਗਈ, ਉਸ ਤਹਿਤ ਪਹਿਲੀ ਜਨਵਰੀ 1999 ਤੋਂ ਪਹਿਲੀ ਜਨਵਰੀ 2014 ਦੌਰਾਨ ਬਣਾਈ ਜਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ। ਸਰਕਾਰੀ ਸੇਵਕ ਹੁੰਦਿਆਂ ਕੀਤੇ ਭ੍ਰਿਸ਼ਟਾਚਾਰ ਕਾਰਨ ਹੁਣ ਸੁਰਜੀਤ ਸਿੰਘ ਗਰੇਵਾਲ ਵੱਡੀ ਉਲਝਣ ਵਿਚ ਫਸ ਗਏ ਹਨ।
ਖਾੜਕੂਵਾਦ ਦੌਰਾਨ ਨੌਜਵਾਨਾਂ 'ਤੇ ਜ਼ੁਲਮ ਕਰਨ ਅਤੇ ਮੋਟੀਆਂ ਜਾਇਦਾਦਾਂ ਹੜੱਪਣ ਦੇ ਦੋਸ਼ ਵੀ ਇਸ ਸਾਬਕਾ ਪੁਲਿਸ ਅਧਿਕਾਰੀ ਵਿਰੁਧ ਕਈ ਵਾਰ ਲੱਗੇ ਸਨ। ਇਹ ਅਧਿਕਾਰੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਰਾਏਪੁਰ ਦਾ ਵਸਨੀਕ ਹੈ। ਵਿਜੀਲੈਂਸ ਪੁਲਿਸ ਨੇ ਉਸ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਐਫ਼.ਆਈ.ਆਰ. ਨੰਬਰ 20 ਦਰਜ ਕੀਤੀ ਹੈ।