ਸ਼ਹਿਰ 'ਚ 36 ਆਟੋ ਜ਼ਬਤ, 108 ਦਾ ਚਾਲਾਨ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 8 ਦਸੰਬਰ (ਤਰੁਣ ਭਜਨੀ): ਆਟੋ ਚਾਲਕ ਵਲੋਂ ਦੋ ਸਾਥੀਆਂ ਨਾਲ ਮਿਲ ਕੇ ਸਮਹੂਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟ੍ਰੈਫ਼ਿਕ ਪੁਲਿਸ ਨੇ ਵੀ ਆਟੋ ਚਾਲਕਾਂ ਵਿਰੁਧ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ। ਪੁਲਿਸ ਨੇ ਬੀਤੇ ਵੀਰਵਾਰ ਬਿਨਾਂ ਪਰਮਿਟ ਅਤੇ ਨੰਬਰ ਦੇ ਘੁੰਮ ਰਹੇ ਆਟੋ ਚਾਲਕਾਂ ਦਾ ਚਲਾਨ ਕੀਤਾ ਅਤੇ ਬਿਨਾਂ ਨੰਬਰ ਵਾਲੇ ਕਈ ਆਟੋ ਜ਼ਬਤ ਕੀਤੇ ਗਏ। ਟ੍ਰੈਫ਼ਿਕ ਪੁਲਿਸ ਨੇ ਆਰਜ਼ੀ ਨੰਬਰ ਲੱਗੇ 36 ਆਟੋ ਰਿਕਸ਼ਾ ਨੂੰ ਜ਼ਬਤ ਕੀਤਾ। ਇਨ੍ਹਾਂ ਆਟੋ ਰਿਕਸ਼ਾ 'ਤੇ ਆਰਜ਼ੀ ਨੰਬਰ ਲੱਗੇ ਹੋਏ ਮਹੀਨੇ ਤੋਂ ਵੀ ਵਧ ਸਮਾਂ ਹੋ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਸੜਕ ਨਿਯਮਾਂ ਦੀ ਉਲੰਘਣਾ ਕਰਨ 'ਤੇ 108 ਚਲਾਨ ਵੀ ਕੱਟੇ। ਟ੍ਰੈਫ਼ਿਕ ਪੁਲਿਸ ਦੀ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਟ੍ਰੈਫ਼ਿਕ ਪੁਲਿਸ ਇਸ ਸਾਲ 17967 ਆਟੋ ਚਾਲਕਾਂ ਦੇ ਚਲਾਨ ਕੱਟ ਚੁੱਕੀ ਹੈ ਅਤੇ ਇਸੇ ਸਾਲ 1533 ਆਟੋ ਰਿਕਸ਼ਾ ਨੂੰ ਜ਼ਬਤ ਕੀਤਾ ਜਾ ਚੁਕਾ ਹੈ। ਜਿਕਰਯੋਗ ਹੈ ਕਿ ਬੀਤੀ 18 ਨਵੰਬਰ ਨੂੰ ਜਿਸ ਆਟੋ ਚਾਲਕ ਅਤੇ ਉਸ ਦੇ ਦੋ ਸਾਥੀਆਂ ਨੇ 22 ਸਾਲਾ ਮੁਟਿਆਰ ਨਾਲ ਸਮੂਹਕ ਜਬਰ ਜਨਾਹ ਕੀਤਾ। ਉਸ ਆਟੋ ਦਾ ਨੰਬਰ ਵੀ ਆਰਜ਼ੀ ਸੀ ਅਤੇ ਇਸ ਆਟੋ ਦੇ ਆਰਜ਼ੀ ਨੰਬਰ ਲੱਗੇ ਨੂੰ ਵੀ 30 ਦਿਨਾਂ ਤੋਂ ਉਪਰ ਦਾ ਸਮਾਂ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਇਰਫ਼ਾਨ ਨਾਂ ਦੇ ਆਟੋ ਚਾਲਕ ਅਤੇ ਉਸਦੇ ਦੋਵੇਂ ਸਾਥੀਆਂ ਨੂੰ ਕਾਫ਼ੀ ਮੁਸ਼ਕਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਇਸਤੋਂ ਪਹਿਲਾਂ ਵੀ ਸ਼ਹਿਰ ਚ ਆਟੋ ਚਾਲਕ ਕਈਂ ਅਪਰਾਧਕ ਗਤੀਵੀਦੀਆਂ ਵਿਚ ਸ਼ਾਮਲ ਰਹੇ ਹਨ। ਹੱਲੋਮਾਜਰਾ ਨਿਵਾਸੀ ਮੁਟਿਆਰ ਨਾਲ ਵੀ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਵਲੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆ ਚੁਕਾ ਹੈ। ਪੀੜਤਾ ਕਾਲ ਸੈਂਟਰ ਤੋਂ ਅਪਣੇ ਘਰ ਵਾਪਸ ਜਾ ਰਹੀ ਸੀ। ਇਸ ਮਾਮਲੇ ਵਿਚ ਹਾਲੇ ਵੀ ਪੁਲਿਸ ਨੂੰ ਮੁਲਜ਼ਮਾਂ ਦੀ ਭਾਲ ਹੈ। ਇਸੇ ਤਰ੍ਹਾਂ ਸਵਾਰੀਆਂ ਨਾਲ ਲੁੱਟਮਾਰ ਅਤੇ ਮਾਰਕੁਟਾਈ ਦੇ ਵੀ ਕਈ ਮਾਮਲੇ ਸਾਹਮਣੇ ਆ ਚੁਕੇ ਹਨ। ਵੱਡੀ ਘਟਨਾ ਵਾਪਰ ਜਾਣ ਤੋਂ ਬਾਅਦ ਹੀ ਪੁਲਿਸ ਦੀਆਂ ਨਿੰਦ ਖੁਲ੍ਹਦੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਮੁਤਾਬਕ ਸ਼ਹਿਰ ਵਿਚ ਗੁਆਂਢੀ ਰਾਜਾਂ ਹਰਿਆਣਾ ਅਤੇ ਪੰਜਾਬ ਤੋਂ ਵੀ ਆਟੋ ਆਉਂਦੇ ਹਨ ਜਿਨ੍ਹਾਂ 'ਤੇ ਨਕੇਲ ਕਸਣਾ ਕਾਫ਼ੀ ਔਖਾ ਕੰਮ ਹੈ। ਇਹ ਆਟੋ ਚਾਲਕ ਸ਼ਹਿਰ 'ਚ ਸੌਖੇ ਤਰੀਕੇ ਨਾਲ ਅਪਰਾਧ ਕਰ ਕੇ ਅਪਣੇ ਇਲਾਕੇ ਵਿਚ ਚਲੇ ਜਾਂਦੇ ਹਨ ਜਿਸ ਤੋਂ ਬਾਅਦ ਇਨ੍ਹਾਂ ਨੂੰ ਲੱਭ ਪਾਉਣਾ ਕਾਫ਼ੀ ਮੁਸ਼ਕਲ ਕੰਮ ਹੁੰਦਾ ਹੈ।