ਸੈਕਟਰ 19-43 'ਚ ਦੋ ਔਰਤਾਂ ਨੂੰ ਬਣਾਇਆ ਨਿਸ਼ਾਨਾ
ਚੰਡੀਗੜ੍ਹ, 12 ਮਾਰਚ (ਤਰੁਣ ਭਜਨੀ) : ਪੁਲਿਸ ਨੇ ਐਂਤਵਾਰ ਚਾਰ ਝਪਟਮਾਰਾਂ ਨੂੰ ਕਾਬੂ ਕਰਕੇ ਸ਼ਹਿਰ ਚ ਸਨੈਚਿੰਗ ਦੀਆਂ ਵਾਰਦਾਤਾਂ ਤੇ ਠੱਲ ਪੈਣ ਦਾ ਦਾਅਵਾ ਕੀਤਾ ਸੀ ਪਰ ਉਸੇ ਦਿਨ ਝਪਟਮਾਰਾਂ ਨੇ ਸੈਕਟਰ 19 ਵਿਚ ਮੁੰਬਈ ਤੋਂ ਆਈ ਇਕ ਮਹਿਲਾ ਦਾ ਪਰਸ ਝਪਟ ਲਿਆ । ਪਰਸ ਵਿਚ 40 ਹਜਾਰ ਰੁਪਏ ਸਨ। ਇਸਤੋਂ ਇਲਾਵਾ ਸੋਮਵਾਰ ਵੀ ਝਪਟਮਾਰ ਅਪਣੇ ਕੰਮ ਤੋਂ ਨਹੀ ਰੁਕੇ । ਸੈਕਟਰ 40 ਵਿਚ ਸੋਮਵਾਰ ਸ਼ਾਮੀ ਇਕ ਮਹਿਲਾ ਦੀ ਤਿੰਨ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਮੁਲਜ਼ਮ ਫਰਾਰ ਹੋ ਗਏ ਅਤੇ ਪੁਲਿਸ ਮੁੜ ਹੱਥ ਮੱਲਦੀ ਰਹਿ ਗਈ। ਪਹਿਲੀ ਘਟਨਾ ਸੈਕਟਰ 19 ਸਥਿਤ ਮਾਰਕੀਟ ਨੇੜੇ ਵਾਪਰੀ ਜਿਥੇ ਮੁੰਬਈ ਤੋਂ ਆਈ ਮੀਨਾ ਨਾਮ ਦੀ ਮਹਿਲਾ ਦਾ ਪਰਸ ਖੋਹ ਕੇ ਐਕਟਿਵਾ ਸਵਾਰ ਦੋ ਨੌਜਵਾਨ ਫਰਾਰ ਹੋ ਗਏ। ਮੀਨਾ ਨੇ ਪੁਲਿਸ ਨੂੰ ਦੱਸਿਆ ਕਿ ਪਰਸ ਵਿਚ 40 ਹਜਾਰ ਰੁਪਏ ਸਨ ਅਤੇ ਉਹ ਮਾਰਕੀਟ ਵਿਚ ਸ਼ਾਪਿੰਗ ਕਰਨ ਲਈ ਆਈ ਸੀ। ਮੀਨਾ ਨੇ ਅੱਗੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਹੀ ਅਪਣੇ ਕਿਸੇ ਜਾਣਕਾਰ ਕੋਲੇ ਜੀਰਕਪੁਰ ਵਿਚ ਠਹਿਰੀ ਹੋਈ ਹੈ। ਐਂਤਵਾਰ ਸ਼ਾਮੀ ਉਹ ਸੈਕਟਰ 19 ਦੀ ਮਾਰਕੀਟ 'ਚ ਸ਼ਾਪਿੰਗ ਲਈ ਆਈ ਸੀ। ਇਸ ਦੌਰਾਨ ਸ਼ਾਮੀ 8:30 ਵਜੇ ਉਹ ਸ਼ਾਪਿੰਗ ਕਰਕੇ ਜਾਣ ਲੱਗੀ ਤਾਂ ਐਕਟਿਵਾ ਸਵਾਰ ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਨਾਕੇਬੰਦੀ ਕੀਤੀ ਪਰ ਝਪਟਮਾਰ ਕਾਬੂ ਨਹੀ ਆਏ। ਦੂਜੀ ਘਟਨਾ ਸੈਕਟਰ 40 ਵਿਚ ਸੋਮਵਾਰ ਸ਼ਾਮੀ 4:30 ਵਜੇ ਵਾਪਰੀ। ਮਕਾਨ ਨੰਬਰ 2540 'ਚ ਰਹਿਣ ਵਾਲੀ 47 ਸਾਲਾ ਸੁਰੇਖ਼ਾ ਮੰਦਰ ਜਾਣ ਲਈ ਘਰ ਤੋਂ ਬਾਹਰ ਨਿਕਲੀ ਸੀ। ਅਚਾਨਕ ਪਿਛੇ ਤੋਂ ਇਕ ਨੌਜਵਾਨ ਆਇਆ ਅਤੇ ਉਸ ਨੇ ਸੁਰੇਖ਼ਾ ਨੂੰ ਪਹਿਲਾਂ ਧੱਕਾ ਮਾਰਿਆ ਤੇ ਬਾਅਦ ਵਿਚ ਉਸਦੇ ਗਲੇ ਤੋਂ 3 ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ। ਸੁਰੇਖ਼ਾ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਦੂਰੀ ਤੇ ਉਸਦਾ ਸਾਥੀ ਮੋਟਰਸਾਈਕਲ ਲੈਕੇ ਖੜਾ ਸੀ। ਮੁਲਜ਼ਮ ਚੇਨ ਝਪਟ ਕੇ ਉਸਦੇ ਨਾਲ ਭੱਜ ਗਿਆ। ਇਸ ਦੌਰਾਨ ਮਹਿਲਾ ਦੇ ਸੱਟਾਂ ਵੀ ਆਈਆਂ ਤੇ ਉਨ੍ਹਾ ਨੂੰ ਹਸਪਤਾਲ ਲੈ ਜਾਇਆ ਗਿਆ। ਸੁਰੇਖ਼ਾ ਦੇ ਪਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵਕੀਲ ਹਨ।