ਸ਼ਹਿਰ 'ਚ ਸਰਗਰਮ ਝਪਟਮਾਰਾਂ ਨੂੰ ਕਾਬੂ ਕਰਨ ਲਈ ਐਸ.ਐਸ.ਪੀ. ਨੇ ਬਣਾਈ ਯੋਜਨਾ

ਚੰਡੀਗੜ੍ਹ, ਚੰਡੀਗੜ੍ਹ



ਚੰਡੀਗੜ੍ਹ, 14 ਸਤੰਬਰ (ਤਰੁਣ ਭਜਨੀ): ਸ਼ਹਿਰ 'ਚ ਆਏ ਦਿਨ ਵਾਪਰ ਰਹੀਆਂ ਝਪਟਮਾਰੀ ਦੀਆਂ ਵਾਰਦਾਤਾਂ ਦੇ ਹੁਣ ਠੱਲ੍ਹ ਪੈਣ ਦੀ ਸੰਭਾਵਨਾ ਹੈ। ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਇਸ ਸਬੰਧੀ ਪੂਰੀ ਯੋਜਨਾ ਤਿਆਰ ਕਰ ਲਈ ਹੈ ਅਤੇ ਯੋਜਨਾ ਮੁਤਾਬਕ ਝਪਟਮਾਰੀ ਕਰਨ ਵਾਲਿਆਂ ਦਾ ਬਚ ਕੇ ਲੰਘਣਾ ਹੁਣ ਕਾਫ਼ੀ ਔਖ਼ਾ ਹੋ ਜਾਵੇਗਾ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਨਿਲਾਂਬਰੀ ਵਿਜੇ ਜਗਦਲੇ ਨੇ ਦਸਿਆ ਕਿ ਉਨ੍ਹਾਂ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਈ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਯੋਜਨਾ ਤਿਆਰ ਕੀਤੀ ਹੈ।

ਉਨ੍ਹਾਂ ਦਸਿਆ ਕਿ ਪੁਲਿਸ ਨੇ ਉਨ੍ਹਾਂ ਥਾਵਾਂ ਦੀ ਮੈਪਿੰਗ ਕੀਤੀ ਹੈ, ਜਿਥੇ ਝਪਟਮਾਰੀ ਜ਼ਿਆਦਾ ਹੁੰਦੀ ਹੈ। ਦੱਖਣ ਅਤੇ ਸੈਂਟਰਲ ਸੈਕਟਰਾਂ ਵਿਚ ਲੋਕ ਝਪਟਮਾਰੀ ਤੋਂ ਜ਼ਿਆਦਾ ਦੁਖੀ ਹਨ। ਇਸ ਲਈ ਫਿਲਹਾਲ ਪੁਲਿਸ ਦਾ ਧਿਆਨ ਇਨ੍ਹਾਂ ਸੈਕਟਰਾਂ 'ਤੇ ਜ਼ਿਆਦਾ ਹੈ। ਇਸ ਤੋਂ ਇਲਾਵਾ 3 ਸਾਲ ਪੁਰਾਣੇ ਝਪਟਮਾਰੀ ਦੇ ਮੁਲਜ਼ਮਾਂ ਨੂੰ ਮੁੜ ਥਾਣੇ ਵਿਚ ਬੁਲਾ ਕੇ ਉਨ੍ਹਾਂ ਤੋਂ ਪੁਲਿਸ ਵਲੋਂ ਪੁੱਛਗਿਛ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਦਸਿਆ ਕਿ ਰਾਤ ਦੇ ਸਮੇਂ ਚੌਕੀ ਇੰਚਾਰਜਾਂ ਨੂੰ ਮੁੱਖ ਤੌਰ 'ਤੇ ਪਟਰੌਲਿੰਗ ਅਤੇ ਨਾਕੇ ਲਗਾਉਣ ਲਈ ਕਿਹਾ ਗਿਆ ਹੈ। ਪੁਲਿਸ ਆਟੋ ਰਿਕਸ਼ਾਂ ਚਲਾਉਣ ਵਾਲਿਆਂ 'ਤੇ ਵੀ ਖਾਸ ਨਜ਼ਰ ਰਖੇਗੀ। ਬੀਤੇ ਸਮੇਂ ਵਾਪਰੀ ਕੁੱਝ ਅਪਰਾਧਕ ਘਟਨਾਵਾਂ ਵਿਚ ਵੀ ਆਟੋ ਚਾਲਕ ਸ਼ਾਮਲ ਸਨ ਇਸ ਲਈ ਉਨ੍ਹਾਂ ਤੋਂ ਵੀ ਪੁਲਿਸ ਪਛਗਿਛ ਕਰੇਗੀ। ਐਸ.ਐਸ.ਪੀ. ਨੇ ਦਸਿਆ ਕਿ ਅਪਰਾਧ ਸ਼ਾਖਾ ਨੇ ਹਾਲ ਹੀ ਵਿਚ ਇਕ ਗਰੋਹ ਨੂੰ ਕਾਬੂ ਕੀਤਾ ਹੈ। ਜਿਸਤੋਂ ਸਨੈਚਿੰਗ ਦੇ ਮਾਮਲੇ ਸੁਲਝਣ ਦੀ ਉਮੀਦ ਹੈ। ਇਸਤੋਂ ਇਲਾਵਾ ਨਾਕੇ ਲਗਾ ਕੇ ਚੈਕਿੰਗ ਨੂੰ ਹੋਰ ਵਧਾ ਦਿਤਾ ਗਿਆ ਹੈ।

ਇਸ ਸਾਲ ਸ਼ਹਿਰ ਵਿਚ ਹੁਣ ਤਕ 150 ਦੇ ਲਗਭਗ ਸਨੈਚਿੰਗ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਸਾਬਕਾ ਐਸ ਐਸ ਪੀ ਡਾ ਸੁੱਖਚੈਨ ਸਿੰਘ ਗਿੱਲ ਨੇ ਸਨੈਚਿੰਗ ਨੂੰ ਰੋਕਣ ਦੀ ਕੋਸ਼ਿਸ਼ਾਂ ਕੀਤੀ ਸਨ। ਸ਼ਹਿਰ ਚ ਸਰਗਮਰ ਕਈਂ ਗਿਰੋਹਾਂ ਨੂੰ ਕਾਬੂ ਕਰਨ ਦੇ ਬਾਵਜੂਦ ਡਾ ਸੁਖਚੈਨ ਸਿੰਘ ਗਿੱਲ ਸਨੈਚਿੰਗ ਤੇ ਠੱਲ ਨਹੀ ਪਾ ਸਕੇ ਸਨ। ਜੇਕਰ ਕੇਵਲ ਇਸੇ ਮਹੀਨੇ ਦੀ ਗੱਲ ਕਰੀਏ ਤਾਂ 4 ਸਤੰਬਰ ਨੂੰ 28 ਘੰਟਿਆਂ ਦੌਰਾਨ 4 ਸਨੈਚਿੰਗ ਦੀਆਂ ਵਾਰਦਾਤਾਂ ਹੋਈਆਂ। ਇਸਤੋਂ ਬਾਅਦ 24 ਘੰਟਿਆਂ ਵਿਚ ਛੇ ਹੋਰ ਸਨੈਚਿੰਗ ਹੋਈਆਂ। 7 ਸਤੰਬਰ ਨੂੰ ਅੱਧੇ ਘੰਟੇ ਵਿਚ ਦੋ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ। ਜਿਆਦਾਤਰ ਮਾਮਲਿਆਂ ਵਿਚ ਔਰਤਾਂ ਨੂੰ ਹੀ ਸ਼ਿਕਾਰ ਬਣਾਇਆ ਗਿਆ। ਇਨ੍ਹਾ ਵਾਰਦਾਤਾਂ ਵਿਚ ਔਰਤਾਂ ਦੀ ਚੇਨ ਅਤੇ ਪਰਸ ਖੋਹੇ ਗਏ ਸਨ।