ਸ਼ਹਿਰ 'ਚ ਸਵਾਈਨ ਫ਼ਲੂ ਨਾਲ ਡੇਂਗੂ ਦਾ ਕਹਿਰ ਵੀ ਜਾਰੀ

ਚੰਡੀਗੜ੍ਹ

ਚੰਡੀਗੜ੍ਹ, 3 ਸਤੰਬਰ (ਤਰੁਣ ਭਜਨੀ): ਸ਼ਹਿਰ 'ਚ ਡੇਂਗੂ ਅਤੇ ਸਵਾਈਨ ਫ਼ਲੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਕਿਆਂ ਤੋਂ ਡੇਂਗੂ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਰੀਜ਼ਾਂ ਦੀ ਗਿਣਤੀ 200 ਦੇ ਅੰਕੜੇ ਨੂੰ ਹੱਥ ਲਗਾਉਣ ਵਾਲੀ ਹੈ। ਹੁਣ ਤਕ ਕੁਲ 199 ਮਾਮਲੇ ਡੇਂਗੂ ਦੇ ਸਾਹਮਣੇ ਆ ਚੁਕੇ ਹਨ। ਡੇਂਗੂ ਦੇ ਜ਼ਿਆਦਾਤਰ ਮਾਮਲੇ ਮਨੀਮਜਾਰਾ ਤੋਂ ਹਨ। ਇਸ ਤੋਂ ਇਲਾਵਾ ਸੈਕਟਰ-45, ਕਜਹੇੜੀ, ਖੁੱਡਾ ਲਾਹੌਰਾ, ਮੌਲੀਜਾਗਰਾਂ ਅਤੇ ਧਨਾਸ ਤੋਂ ਹਨ।
ਮਲੇਰੀਆ ਵਿੰਗ ਦੇ ਨੋਡਲ ਅਧਿਕਾਰੀ ਗੌਰਵ ਅਗਰਵਾਲ ਮੁਤਾਬਕ ਡੇਂਗੂ ਦੇ ਜ਼ਿਆਦਾ ਮਾਮਲੇ ਮਨੀਮਾਜਰਾ ਤੋਂ ਆ ਰਹੇ ਹਨ। ਜਦਕਿ ਸਵਾਈਨ ਫ਼ਲੂ ਬੀਤੇ ਕੁੱਝ ਦਿਨਾਂ ਤੋਂ ਕੰਟਰੋਲ ਵਿਚ ਹੈ। ਉਨ੍ਹਾਂ ਦਸਿਆ ਕਿ ਮਨੀਮਾਜਰਾ ਵਿਚ ਕਈ ਥਾਵਾਂ, ਮਕਾਨਾਂ ਅਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਵੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਡੇਂਗੂ ਦੀ ਪੁਸ਼ਟੀ ਹੋਈ ਹੈ, ਉਹ ਇਨ੍ਹਾਂ ਮਕਾਨਾਂ ਦੇ ਨੇੜੇ ਰਹਿ ਰਹੇ ਹਨ ਅਤੇ ਨੇੜੇ-ਤੇੜੇ ਪਾਣੀ ਇਕੱਠਾ ਹੋਣ ਕਾਰਨ ਮੱਛਰ ਪੈਦਾ ਹੋ ਰਹੇ ਹਨ। ਡਾਕਟਰਾਂ ਅਨੁਸਾਰ ਜਦ ਤਾਪਮਾਨ ਘੱਟ ਹੁੰਦਾ ਹੈ ਅਤੇ ਹੁਮਸ ਵੱਧ ਹੁੰਦੀ ਹੈ ਤਾਂ ਅਜਿਹੇ ਵਿਚ ਡੇਂਗੂ ਹੋਣ ਦਾ ਖ਼ਤਰਾ ਵਧ ਹੁੰਦਾ ਹੈ। ਸਿਹਤ ਵਿਭਾਗ ਮੁਤਾਬਕ 15 ਅਗੱਸਤ ਤੋਂ ਬਾਅਦ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਸ਼ਹਿਰ ਵਿਚ ਅਗੱਸਤ ਤੋਂ ਬਾਅਦ ਹੁਣ ਤਕ ਲਗਭਗ ਰੋਜ਼ਾਨਾ ਹੀ ਬਾਰਸ਼ ਪੈ ਰਹੀ ਹੈ ਜਿਸ ਨਾਲ ਥਾਂ-ਥਾਂ 'ਤੇ ਪਾਣੀ ਇਕੱਠਾ ਹੋ ਰਿਹਾ ਹੈ ਅਤੇ ਡੇਂਗੂ ਦੇ ਮੱਛਰ ਪੈਦਾ ਹੋ ਰਹੇ ਹਨ।
ਦੂਜੇ ਪਾਸੇ ਬੀਤੇ ਦੋ ਦਿਨਾਂ ਤੋਂ ਸਵਾਈਨ ਫ਼ਲੂ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਲੋਕਾਂ ਵਿਚ ਇਸ ਦੀ ਦਹਿਸ਼ਤ ਬਣੀ ਹੋਈ ਹੈ। ਸਵਾਈਨ ਫ਼ਲੂ ਦੇ ਹੁਣ ਤਕ 51 ਮਾਮਲੇ ਸਾਹਮਣੇ ਆ ਚੁਕੇ ਹਨ ਜਿਸ ਵਿਚੋਂ 6 ਲੋਕਾਂ ਦੀ ਮੌਤ ਵੀ ਹੋ ਚੁਕੀ ਹੈ। ਸ਼ਹਿਰ 'ਚ ਬੀਤੇ ਸ਼ੁਕਰਵਾਰ ਸਵਾਈਨ ਫ਼ਲੂ ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਐਤਵਾਰ ਤਕ ਸਵਾਈਨ ਫ਼ਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮਨੀਮਾਜਰਾ ਵਿਚ ਵਿਭਾਗ ਵਲੋਂ ਠੀਕ ਢੰਗ ਨਾਲ ਫ਼ੋਗਿੰਗ ਨਾ ਕਰਵਾਉਣ ਕਾਰਨ ਵੀ ਡੇਂਗੂ ਪੈਰ ਪਸਾਰ ਰਿਹਾ ਹੈ।