ਸ਼ਹਿਰ ਦੇ ਦਖਣੀ ਵਾਰਡਾਂ 'ਚ ਸਫ਼ਾਈ ਨਾ ਹੋਣ ਦਾ ਮੁੱਦਾ ਰਿਹਾ ਭਾਰੂ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 30 ਅਕਤੂਬਰ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਆਸ਼ਾ ਕੁਮਾਰੀ ਜੈਸਵਾਲ ਦੀ ਅਗਵਾਈ 'ਚ ਸਵੇਰੇ 11 ਵਜੇ ਸ਼ੁਰੂ ਹੋਈ। ਮੀਟਿੰਗ ਦੌਰਾਨ ਨਗਰ ਨਿਗਮ ਵਲੋਂ ਸ਼ਹਿਰ ਦੇ ਦਖਣੀ ਸੈਕਟਰਾਂ 'ਚ ਸਫਾਈ ਦਾ ਕੰਮ ਠੇਕੇ 'ਤੇ ਲੈਣ ਵਾਲੀ ਕੰਪਨੀ ਲਾਇਨਜ਼ ਸਰਵਿਸ ਲਿਮ. ਦੇ ਮੁਲਾਜ਼ਮਾਂ ਨੂੰ ਸੈਕਟਰ 46-47 'ਚ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਮਲਬਾ ਸੁੱਟਦੇ ਹੋਏ ਫੜਨ ਅਤੇ 5500 ਰੁਪਏ ਜੁਰਮਾਨਾ ਤੇ ਥਾਣੇ 'ਚ ਡੀ.ਡੀ.ਆਰ. ਦਰਜ ਕਰਵਾਉਣ ਦਾ ਮਾਮਲਾ ਭਾਜਪਾ ਅਤੇ ਵਿਰੋਧੀ ਧਿਰ ਵਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ।
ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਦਵਿੰਦਰ ਸਿੰਘ ਬਬਲਾ ਤੇ ਭਾਜਪਾ ਕੌਂਸਲਰਾਂ ਵਲੋਂ ਮੇਅਰ ਅਤੇ ਕਮਿਸ਼ਨਰ ਨੂੰ ਅਜਿਹੀ ਕੰਪਨੀ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਜ਼ੋਰ ਦਿਤਾ। ਇਸ ਤਰ੍ਹਾਂ ਜਨਰਲ ਹਾਊਸ ਦੀ ਮੀਟਿੰਗ 'ਚ ਦੁਪਹਿਰ ਇਕ ਵਜੇ ਭਾਰੀ ਸ਼ੋਰ ਸ਼ਰਾਬਾ ਹੁੰਦਾ ਰਿਹਾ ਅਤੇ ਕਈ ਹੋਰ ਵਿਕਾਸ ਏਜੰਡੇ 'ਤੇ ਕੋਈ ਚਰਚਾ ਨਹੀਂ ਹੋ ਸਕੀ। ਮੇਅਰ ਨੇ ਹਾਊਸ ਨੂੰ ਭਰੋਸਾ ਦਿਤਾ ਕਿ ਕੰਪਨੀ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ, ਜਿਸ ਤੋਂ ਬਾਅਦ ਹਾਊਸ 'ਚ ਸ਼ਾਂਤੀ ਕਾਇਮ ਹੋਈ