ਚੰਡੀਗੜ੍ਹ,
10 ਸਤੰਬਰ (ਤਰੁਣ ਭਜਨੀ): ਸ਼ਹਿਰ ਵਿਚ ਸਾਲਾਂ ਤੋਂ ਅਗਵਾ ਅਤੇ ਲਾਪਤਾ ਹੋਏ ਬੱਚਿਆਂ ਦਾ
ਤਾਂ ਚੰਡੀਗੜ੍ਹ ਪੁਲਿਸ ਨੇ ਕਦੇ ਸੁਰਾਗ ਲਗਾਇਆ ਨਹੀ, ਪਰ ਸ਼ੁਕਰ ਹੈ ਕਿ ਹੁਣ ਜਾ ਕੇ ਪੁਲਿਸ
ਨੂੰ ਇਨ੍ਹਾਂ ਮਾਸੂਮ ਬੱਚਿਆਂ ਦੀ ਯਾਦ ਆ ਗਈ ਹੈ। ਪੁਲਿਸ ਨੇ ਹਾਲ ਹੀ ਵਿਚ ਸ਼ਹਿਰ ਤੋਂ
ਅਗਵਾ ਅਤੇ ਲਾਪਤਾ ਹੋਏ 8 ਨਾਬਾਲਗਾਂ ਨੂੰ ਲੱਭ ਲਿਆ ਹੈ। ਜਿਆਦਾਤਰ ਬੱਚੇ ਪਿਛਲੇ ਹਫ਼ਤੇ ਹੀ
ਘਰੋਂ ਲਾਪਤਾ ਹੋਏ ਸਨ ਅਤੇ ਇਨ੍ਹਾ ਦੀ ਗੁਮਸ਼ੁਦਗੀ ਅਤੇ ਅਗਵਾ ਹੋਣ ਦੇ ਮਾਮਲੇ ਵੱਖ ਵੱਖ
ਥਾਣਿਆਂ ਵਿਚ ਦਰਜ ਕੀਤੇ ਗਏ ਸਨ।
ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੀ ਮਨੁੱਖੀ
ਤਸਕਰੀ ਵਿਰੋਧੀ ਇਕਾਈ ਵਲੋਂ ਇਸ ਸਾਲ ਇਕ ਜੁਲਾਈ ਤੋਂ ਲਾਪਤਾ ਬੱਚਿਆਂ ਨੂੰ ਲੱਭਣ ਲਈ ਚਲਾਈ
ਗਈ ਮੁਹਿੰਮ ਤਹਿਤ ਹੁਣ 48 ਬੱਚਿਆਂ ਨੂੰ ਉਨ੍ਹਾ ਦੇ ਘਰ ਪਹੁੰਚਾਇਆ ਹੈ। ਟੀਮ ਨੇ ਬੀਤੇ
ਸਮੇਂ ਘਰ-ਘਰ ਜਾ ਕੇ 115 ਲਾਪਤਾ ਬੱਚਿਆਂ ਦੀ ਸੂਚੀ ਤਿਆਰ ਕੀਤੀ ਸੀ। ਜਿਸ ਵਿਚੋਂ 48
ਬੱਚੇ ਦਾ ਪਤਾ ਲੱਗ ਗਿਆ।
ਪੁਲਿਸ ਨੇ ਦਸਿਆ ਕਿ ਪਿਛਲੇ 7 ਦਿਨਾਂ 'ਚ ਸੈਕਟਰ 36 ਅਤੇ
ਸੈਕਟਰ 31 ਪੁਲਿਸ ਥਾਣੇ ਵਿਚ ਲਾਪਤਾ ਬੱਚਿਆਂ ਦੀ ਰੀਪੋਰਟ ਦਰਜ ਕੀਤੀ ਗਈ ਸੀ। ਥਾਣਾ
ਪੁਲਿਸ ਨੇ ਇਕ ਹਫ਼ਤੇ ਅੰਦਰ ਹੀ 8 ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਤਕ ਪਹੁੰਚਾ
ਦਿਤਾ। ਲਾਪਤਾ ਹੋਣ ਵਾਲੇ ਬੱਚਿਆਂ ਵਿਚ ਦੋ ਲੜਕੀਆਂ ਵੀ ਸ਼ਾਮਲ ਹਨ। ਬੀਤੀ 7 ਸੰਤਬਰ ਨੂੰ
ਸੈਕਟਰ 52 ਤੋਂ 12 ਸਾਲ ਦਾ ਇਕ ਬੱਚਾ ਲਾਪਤਾ ਹੋਇਆ ਸੀ। ਪੁਲਿਸ ਨੇ ਉਸੇ ਦਿਨ ਬੱਚੇ ਦੀ
ਭਾਲ ਸ਼ੁਰੂ ਕੀਤੀ ਅਤੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਲੱਭ ਲਿਆ ਗਿਆ। ਸੈਕਟਰ 36 ਥਾਣੇ
ਵਿਚ ਲਾਪਤਾ ਦਾ ਮਾਮਲਾ ਦਰਜ ਕੀਤਾ ਗਿਆ ਸੀ। 6 ਸਤੰਬਰ ਨੂੰ ਹੱਲੋਮਾਜਰਾ ਤੋਂ 13 ਸਾਲਾ ਦੋ
ਲੜਕੀਆਂ ਲਾਪਤਾ ਹੋਣ ਦੀ ਸ਼ਿਕਾਇਤ ਸੈਕਟਰ-31 ਥਾਣਾ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ 9
ਸੰਤਬਰ ਨੂੰ ਦੋਹਾਂ ਲੜਕੀਆਂ ਨੂੰ ਯੂ.ਪੀ. ਦੇ ਹਰਦੋਈ ਇਲਾਕੇ ਤੋਂ ਦੋਹਾਂ ਲੜਕੀਆਂ ਨੂੰ
ਲੱਭ ਲਿਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿਤਾ। ਇਸੇ ਤਰ੍ਹਾਂ ਦੜੂਆ ਤੋਂ ਲਾਪਤਾ
ਹੋਏ 13 ਸਾਲਾ ਦੋ ਲੜਕਿਆਂ ਨੂੰ ਵੀ ਪੁਲਿਸ ਨੇ 9 ਸਤੰਬਰ ਨੂੰ ਲੱਭ ਲਿਆ।