ਚੰਡੀਗੜ੍ਹ, 15 ਨਵੰਬਰ (ਤਰੁਣ ਭਜਨੀ): ਸ਼ਹਿਰ 'ਚ ਵਧ ਰਹੇ ਸਟਰੋਕ ਦੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਛੇਤੀ ਹੀ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਵੀ ਸਟਰੋਕ ਸੈਂਟਰ ਸ਼ੁਰੂ ਕੀਤਾ ਜਾਵੇਗਾ। ਪੀ.ਜੀ.ਆਈ. ਨਿਉਰੋਲਾਜ਼ੀ ਵਿਭਾਗ ਅਤੇ ਜੀ.ਐਮ.ਐਸ.ਐਚ. 16 ਮਿਲ ਕੇ ਇਸ ਸੈਂਟਰ ਨੂੰ ਚਲਾਉਣਗੇ। ਵਿਸ਼ਵ ਸਟਰੋਕ ਦਿਵਸ 'ਤੇ ਪੀ ਜੀ ਆਈ ਨਿਉਰੋਲਾਜੀ ਵਿਭਾਗ ਦੇ ਪ੍ਰੋਫ਼ੈਸਰ ਧੀਰਜ ਖੁਰਾਨਾ ਨੇ ਦਸਿਆ ਕਿ ਸਟਰੋਕ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਵੀ ਸਟਰੋਕ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸੈਂਟਰ ਵਿਚ ਹਰ ਸਹੂਲਤ ਹੋਵੇਗੀ ਅਤੇ ਨਿਉਰੋਲਾਜੀ ਦੇ ਮਾਹਰ ਡਾਕਟਰ ਉਥੇ ਮੌਜੂਦ ਰਹਿਣਗੇ। ਪੀ.ਜੀ.ਆਈ. ਨਿਉਰੋਲਾਜੀ ਵਿਭਾਗ ਵਲੋਂ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਹੀ ਮੁਹਿੰਮ ਚਲਾਈ ਜਾਂਦੀ ਹੈ। ਪਿਛਲੇ ਸਾਲ ਲੋਕਾਂ ਦੀ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੁਗਰ ਦੇ ਮਰੀਜ਼ਾਂ ਦੀ ਗਿਣਤੀ 26.2 ਫ਼ੀ ਸਦੀ ਸੀ।
ਪ੍ਰੋ. ਖੁਰਾਨਾ ਨੇ ਦਸਿਆ ਕਿ ਇਹ ਬੀਮਾਰੀ 60 ਸਾਲ ਦੀ ਉਮਰ ਦੇ ਲੋਕਾਂ ਵਿਚ ਵਧ ਹੁੰਦੀ ਹੈ ਪਰ ਹੁਣ ਨੌਜਵਾਨਾਂ ਵਿਚ ਵੀ 40 ਦੀ ਉਮਰ ਤੋਂ ਇਸ ਬੀਮਾਰੀ ਦੇ ਲੱਛਣ ਨਜ਼ਰ ਆਉਣ ਲੱਗ ਪਏ ਹਨ। ਉਨ੍ਹਾਂ ਦਸਿਆ ਕਿ ਹਰਟ ਅਟੈਕ ਦੀ ਤਰ੍ਹਾਂ ਹੀ ਸਟਰੋਕ ਹੁੰਦਾ ਹੈ। ਇਸ ਵਿਚ ਮਰੀਜ਼ ਦੇ ਦਿਮਾਗ਼ ਦੀ ਨਸ ਵਿਚ ਕਲੋਟ ਹੋ ਜਾਂਦਾ ਹੈ ਜਾਂ ਫਿਰ ਨਸ ਫਟ ਜਾਂਦੀ ਹੈ ਜਿਸ ਨਾਲ ਸਰੀਰ ਦਾ ਕੋਈ ਵੀ ਹਿੱਸਾ ਕੰਮ ਕਰਨਾ ਬੰਦ ਕਰ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਿਗਰੇਟ ਅਤੇ ਸ਼ਰਾਬ ਦੇ ਸੇਵਨ ਅਤੇ ਜੀਵਨ ਸ਼ੈਲੀ ਠੀਕ ਨਾ ਹੋਣ ਕਾਰਨ ਸਟਰੋਕ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦਸਿਆ ਕਿ ਪੀ.ਜੀ ਆਈ ਵਲੋਂ ਸਟਰੋਕ ਹੈਲਪਲਾਇਨ ਨੰਬਰ ਸ਼ੁਰੂ ਕੀਤਾ ਗਿਆ ਹੈ। ਇਸਤੋਂ ਇਲਾਵਾ ਹਰ ਸਾਲ ਵਿਭਾਗ ਵਲੋਂ ਲੋਕਾਂ ਨੂੰ ਇਸ ਸਬੰਧ ਵਿਚ ਜਾਗਰੂਕ ਕੀਤਾ ਜਾਂਦਾ ਹੈ।