ਐਸ.ਏ.ਐਸ. ਨਗਰ, 6 ਜਨਵਰੀ (ਕੁਲਦੀਪ ਸਿੰਘ) : ਸੈਕਟਰ-71 ਦੇ ਕੁੱਝ ਮਕਾਨਾਂ ਦੇ ਬਾਹਰ ਗਰਿੱਲਾਂ ਅਤੇ ਜੰਗਲੇ ਲਗਾ ਕੇ ਕੀਤੇ ਗਏ ਕਬਜ਼ਿਆਂ 'ਤੇ ਅੱਜ ਗਮਾਡਾ ਨੇ ਆਣਾ ਪੀਲਾ ਪੰਜਾ ਚਲਾ ਕੇ ਇਨ੍ਹਾਂ ਨੂੰ ਢਾਹ ਦਿਤਾ। ਦਿਲਚਸਪ ਗੱਲ ਇਹ ਹੈ ਕਿ ਇਥੇ ਰਹਿੰਦੇ ਇਕ ਉੱਚ ਸਰਕਾਰੀ ਅਫ਼ਸਰ ਦੇ ਘਰ ਨੂੰ ਗਮਾਡਾ ਨੇ ਹੱਥ ਤਕ ਨਹੀਂ ਲਗਾਇਆ ਜਿਸ ਦਾ ਨੇੜਲੇ ਗੁਆਂਢੀਆਂ ਵਿਚ ਭਾਰੀ ਰੋਸ ਹੈ। ਇਸ ਦੌਰਾਨ ਗਮਾਡਾ ਦੀ ਟੀਮ ਨਾਲ ਗਮਾਡਾ ਦੇ ਸੁਰੱਖਿਆ ਅਮਲੇ ਤੋਂ ਇਲਾਵਾ ਢਾਈ ਦਰਜਨ ਤੋਂ ਵਧ ਪੁਲਿਸ ਕਰਮਚਾਰੀ ਵੀ ਹਾਜ਼ਰ ਸਨ। ਸਨਿਚਰਵਾਰ ਨੂੰ ਛੁੱਟੀ ਵਾਲੇ ਦਿਨ ਗਮਾਡਾ ਦੀ ਇਸ ਕਾਰਵਾਈ ਨਾਲ ਸਥਾਨਕ ਵਸਨੀਕ ਹੈਰਾਨ ਰਹਿ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਗਮਾਡਾ ਹਮੇਸ਼ਾ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਗਾਊਂ ਨੋਟਿਸ ਦਿੰਦਾ ਹੈ ਪਰ ਹੁਣ ਬਿਨਾਂ ਕੋਈ ਨੋਟਿਸ ਦਿਤੇ ਅਚਾਨਕ ਹੀ ਕਾਰਵਾਈ ਕਰ ਦਿਤੀ ਗਈ, ਜਿਸ ਨਾਲ ਲੋਕਾਂ ਦਾ ਨੁਕਸਾਨ ਹੋਇਆ ਹੈ। ਵਸਨੀਕਾਂ ਦਾ ਦੋਸ਼ ਸੀ ਕਿ 'ਪਿਕ ਐਂਡ ਚੂਜ਼' ਦੀ ਨੀਤੀ ਤਿਆਰ ਕਰ ਕੇ ਗਮਾਡਾ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਕੁੱਝ ਮਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਜਦਕਿ ਕੁੱਝ ਨੂੰ ਛੱਡ ਦਿਤਾ ਗਿਆ ਹੈ। ਇਥੋਂ ਦੇ ਮਕਾਨ ਨੰ: 360 ਦੇ ਵਸਨੀਕ ਐਚ.ਐਸ. ਵਿਰਕ ਨੇ ਕਿਹਾ ਕਿ ਅੱਜ ਦੁਪਹਿਰ ਗਮਾਡਾ ਦੇ ਅਫ਼ਸਰ 30-40 ਪੁਲਿਸ ਮੁਲਾਜ਼ਮਾਂ ਦੇ ਨਾਲ ਇਥੇ ਪੁੱਜੇ ਅਤੇ ਉਨ੍ਹਾਂ ਦੇ ਮਕਾਨਾਂ ਦੇ ਬਾਹਰ ਬਣੀਆਂ ਵਲਗਣਾਂ ਢਾਹੁਣ ਲਗ ਪਏ। ਲੋਕਾਂ ਵਲੋਂ ਘਰਾਂ ਅਗੇ ਬਣਾਈਆਂ ਬਗੀਚੀਆਂ ਦੇ ਬਾਹਰ ਲਾਈਆਂ ਵਾੜਾਂ ਤਹਿਸ ਨਹਿਸ ਕਰ ਦਿਤੀਆਂ ਗਈਆਂ ਪਰ ਇਥੇ ਹੀ ਕੋਨੇ ਦੇ ਮਕਾਨ ਵਿਚ ਰਹਿੰਦੀ ਇਕ ਮਹਿਲਾ ਅਧਿਕਾਰੀ ਦੇ ਮਕਾਨ ਦੇ ਬਾਹਰ ਬਣੀਆਂ ਵਾੜਾਂ ਨੂੰ ਸਹੀ ਸਲਾਮਤ ਛੱਡ ਗਏ।
ਕਈ ਸਾਲ ਪਹਿਲਾਂ ਵੀ ਹੋਈ ਸੀ ਕਾਰਵਾਈ : ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਵੀ ਪੂਰੇ ਮੁਹਾਲੀ ਵਿਚ ਲੋਕਾਂ ਵਲੋਂ ਅਪਣੇ ਘਰਾਂ ਅੱਗੇ ਜੰਗਲੇ ਲਗਾ ਕੇ ਕੀਤੇ ਗਏ ਕਬਜ਼ੇ ਗਮਾਡਾ ਨੇ ਪੀਲਾ ਪੰਜਾ ਚਲਾ ਕੇ ਹਟਾ ਦਿਤੇ ਸਨ। ਕੁੱਝ ਸਾਲਾਂ ਵਿਚ ਹੀ ਲੋਕਾਂ ਨੇ ਮੁੜ ਆਪਣੇ ਘਰਾਂ ਦੇ ਅਗੇ ਕਬਜ਼ੇ ਕਰ ਲਏ। ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਮੁਹਾਲੀ ਦੇ ਇਕ ਵਸਨੀਕ ਨੇ ਹਾਈ ਕੋਰਟ ਵਿਚ ਮਾਣਹਾਨੀ ਦਾ ਕੇਸ ਪਾਇਆ ਗਿਆ ਹੈ ਜਿਸ ਵਿਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪਾਰਟੀ ਬਣਾਇਆ ਗਿਆ ਹੈ।ਸਾਫ਼-ਸਫ਼ਾਈ ਲਈ ਲਗਾਈਆਂ ਬਗ਼ੀਚੀਆਂ : ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਖ਼ਾਲੀ ਪਈ ਥਾਂ ਦੀ ਨਾ ਤਾਂ ਗਮਾਡਾ ਸਾਰ ਲੈਂਦਾ ਹੈ ਅਤੇ ਨਾ ਹੀ ਨਿਗਮ। ਉਨ੍ਹਾਂ ਕਿਹਾ ਕਿ ਧੜਾਧੜ ਨਿਗਮ ਵਲੋਂ ਚੈਕਰਡ ਟਾਈਲਾਂ ਅਤੇ ਲਾਕਇਨ ਪੇਵਰ ਲਗਾ ਕੇ ਖ਼ਾਲੀ ਥਾਵਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਕੰਕਰੀਟ ਦਾ ਜੰਗਲ ਬਣਦਾ ਜਾ ਰਿਹਾ ਹੈ ਅਤੇ ਵਾਤਾਵਰਨ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੱਲਿਉਂ ਪੈਸੇ ਖ਼ਰਚ ਕੇ ਬਗ਼ੀਚੀਆਂ ਦੀ ਸਾਂਭ-ਸੰਭਾਲ ਕਰਦੇ ਹਨ ਜਿਸ ਨਾਲ ਇਲਾਕਾ ਵੀ ਸੋਹਣਾ ਲਗਦਾ ਹੈ ਅਤੇ ਇਸ ਦੇ ਨਾਲ-ਨਾਲ ਵਾਤਾਵਰਨ ਦੀ ਵੀ ਸੁਰੱਖਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਜੰਗਲੇ ਅਵਾਰਾ ਪਸ਼ੂਆਂ ਤੋਂ ਬਗੀਚੀਆਂ ਨੂੰ ਬਚਾਉਣ ਲਈ ਲਗਾਏ ਗਏ ਸਨ।ਇਸ ਮਾਮਲੇ ਵਿਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨਹੀਂ ਚੁਕਿਆ। ਉਨ੍ਹਾਂ ਨੂੰ ਫ਼ੋਨ ਰਾਹੀਂ ਐਸ.ਐਮ.ਐਸ. ਵੀ ਭੇਜਿਆ ਗਿਆ ਜਿਸ ਦਾ ਕੋਈ ਜਵਾਬ ਨਾ ਮਿਲਿਆ।