ਸਕੂਲਾਂ 'ਚ ਅਧਿਆਪਕਾਂ ਦੀ ਨਹੀਂ ਹੋ ਸਕੀ ਭਰਤੀ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 19 ਦਸੰਬਰ (ਤਰੁਣ ਭਜਨੀ): ਯੂ.ਟੀ. ਸਿਖਿਆ ਵਿਭਾਗ ਨੇ ਸਾਲ 2017 ਵਿਚ ਕਈ ਮੁਕਾਮ ਤੈਅ ਕੀਤੇ। ਸਰਵ ਸਿਖਿਆ ਅਭਿਆਨ ਦੇ ਲਗਭਗ 1100 ਅਧਿਆਪਕਾਂ ਨੂੰ ਕਈ ਮਹੀਨੇ ਬਿਨਾਂ ਤਨਖ਼ਾਹ ਦੇ ਗੁਜ਼ਾਰਨੇ ਪਏ। ਇਸ ਤੋਂ ਇਲਾਵਾ ਵਿਭਾਗ ਵਿਚ ਭਰਤੀ ਨੂੰ ਲੈ ਕੇ ਵੀ ਆਖ਼ਰ ਤਕ ਕੋਈ ਯੋਜਨਾ ਨਹੀਂ ਬਣੀ ਅਤੇ ਪੂਰੇ ਸਾਲ ਵਿਚ ਅਧਿਆਪਕਾਂ ਦੀ ਭਰਤੀ ਨਹੀਂ ਹੋ ਸਕੀ, ਉਥੇ ਹੀ ਵਿਭਾਗ ਨੇ ਵੀ ਇਸ ਸਾਲ ਕੁੱਝ ਨਵੇਂ ਤਜਰਬੇ ਕੀਤੇ ਜਿਸ ਵਿਚ ਇੰਟਰਨੈੱਟ ਨੇ ਵੀ ਸਕੂਲਾਂ ਵਿਚ ਅਪਣੀ ਧਾਕ ਵਿਖਾਈ ਅਤੇ ਕਈ ਨਵੀਆਂ ਚੀਜ਼ਾਂ ਦੀ ਸ਼ੁਰੂਆਤ ਕੀਤੀ ਗਈ, ਉਸ ਵਿਚ ਸੱਭ ਤੋਂ ਅਹਿਮ ਈ-ਪੇਮੈਂਟ ਰਹੀ। ਸਕੂਲਾਂ ਵਿਚ ਫ਼ੀਸਾਂ ਸਵਾਈਪ ਮਸ਼ੀਨਾਂ ਨਾਲ ਜਮਾ ਹੋਈ ਅਤੇ ਵਿਦਿਆਰਥੀਆਂ ਦੀ ਵਰਦੀ ਦੇ ਪੈਸੇ ਵੀ ਸਿੱਧੇ ਬੈਂਕ ਖ਼ਾਤੇ ਵਿਚ ਗਏ।  ਅਧਿਆਪਕਾਂ ਦੀ ਨਹੀਂ ਹੋਈ ਭਰਤੀ : ਸ਼ਹਿਰ ਦੇ 115 ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੈ। ਇਸ ਸਮੇਂ ਕਰੀਬ 5100 ਦੇ ਕਰੀਬ ਅਧਿਆਪਕ ਸਕੂਲਾਂ ਵਿਚ ਕੰਮ ਕਰ ਰਹੇ ਹਨ ਜਦਕਿ ਜ਼ਰੂਰਤ 7000 ਦੇ ਕਰੀਬ ਹੈ। ਅਜਿਹੇ ਵਿਚ ਇਸ ਵਾਰ ਵਿਭਾਗ ਨੇ ਅਕਤੂਬਰ-ਨਬੰਵਰ 2017 ਵਿਚ ਅਧਿਆਪਕਾਂ ਦੀ ਭਰਤੀ ਕਰਨ ਦੀ ਯੋਜਨਾ ਬਣਾਈ ਸੀ ਪਰ ਉਹ ਸਿਰੇ ਨਹੀਂ ਚੜ੍ਹ ਸਕੀ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵਲੋਂ ਘੱਟ ਬਜਟ ਦੇਣ ਦੇ ਕਾਰਨ ਇਹ ਭਰਤੀ ਨਹੀਂ ਹੋ ਸਕੀ। ਜਦਕਿ ਸਾਲ 2015 ਵਿਚ ਸਾਹਮਣੇ ਆਇਆ ਅਧਿਆਪਕ ਭਰਤੀ ਘੋਟਾਲੇ ਵਿਚ ਪੁਲਿਸ ਦੀ ਜਾਂਚ ਹੌਲੀ ਹੋ ਗਈ ਹੈ।ਕੰਪਿਊਟਰ ਅਧਿਆਪਕ ਤੇ ਡਾਟਾ ਅਪਰੇਟਰਾਂ ਨੂੰ ਕੱਢ ਕੇ ਮੁੜ ਰਖਿਆ: ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ 200 ਕੰਪਿਊਟਰ ਅਧਿਆਪਕ ਅਤੇ ਡਾਟਾ ਅਪਰੇਟਰ ਕੰਮ ਕਰ ਰਹੇ ਸਨ।  ਉਨ੍ਹਾਂ ਮਾਰਚ 2017 ਵਿਚ ਤਨਖ਼ਾਹ ਵਧਾਉਣ ਅਤੇ ਪੱਕਾ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਸਿਖਿਆ ਵਿਭਾਗ ਨੇ ਉਨ੍ਹਾਂ ਦੀ ਮੰਗਾਂ ਮਨਣ ਦੀ ਬਜਾਏ ਉਨ੍ਹਾਂ ਨੂੰ ਸੇਵਾਮੁਕਤ ਹੀ ਕਰ ਦਿਤਾ ਸੀ। ਕਰੀਬ ਇਕ ਮਹੀਨਾ ਧਰਨੇ ਆਦਿ ਦੇਣ ਤੋਂ ਬਾਅਦ ਸੇਵਾ ਮੁਕਤ ਉਕਤ ਅਧਿਆਪਕਾਂ ਨੂੰ ਸਿਖਿਆ ਵਿਭਾਗ ਨੇ ਮੁੜ ਕੰਟਰੈਕਟ 'ਤੇ ਰੱਖ ਲਿਆ ਸੀ।