ਸਾਲ ਪਹਿਲਾਂ ਚੁਣੇ ਟੈਕਨੀਸ਼ੀਅਨਾਂ ਨੂੰ ਅੱਜ ਤਕ ਨਹੀਂ ਮਿਲੇ ਨਿਯੁਕਤੀ ਪੱਤਰ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 16 ਸਤੰਬਰ (ਸੁਖਦੀਪ ਸਿੰਘ): ਪੰਜਾਬ ਸਰਕਾਰ ਨੇ ਬੜੇ ਜ਼ੋਰ-ਸ਼ੋਰ ਨਾਲ ਚੋਣ ਮੁਹਿੰਮ 'ਚ ਕੀਤੇ ਵਾਅਦੇ ਘਰ-ਘਰ ਨੌਕਰੀ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਨਿਯੁਕਤ ਕੀਤੇ ਟੈਕਨੀਸ਼ੀਅਨ ਗਰੇਡ-1 (ਇੰਸਟਰੂਮੈਂਟੇਸ਼ਨ, ਮਕੈਨੀਕਲ) ਪਿਛਲੇ ਦੋ ਸਾਲਾਂ ਤੋਂ ਸੜਕਾਂ ਦੀ ਖ਼ਾਕ ਛਾਣ ਰਹੇ ਹਨ। ਨਿਯੁਕਤ ਕੀਤੇ ਕਰਮਚਾਰੀਆਂ ਵਲੋਂ ਕਈ ਵਾਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਮੰਗ ਪੱਤਰ ਦੇ ਕੇ ਕਰਮਚਾਰੀਆਂ ਨੂੰ ਨੌਕਰੀ 'ਤੇ ਹਾਜ਼ਰ ਕਰਾਉਣ ਲਈ ਗੁਹਾਰ ਲਾਈ ਜਾ ਚੁੱਕੀ ਹੈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ 17 ਜੂਨ 2015 ਨੂੰ ਟੈਕਨੀਸ਼ੀਅਨ ਗਰੇਡ-1 ਦੀਆਂ ਕੁਲ 50 ਅਸਾਮੀਆਂ ਲਈ ਪ੍ਰਤੀ ਬੇਨਤੀ ਮੰਗੀ ਗਈ ਸੀ। ਪਾਵਰ ਕਾਰਪੋਰੇਸ਼ਨ ਵੱਲੋਂ  21 ਫ਼ਰਵਰੀ 2016 ਨੂੰ ਲਿਖਤੀ ਟੈਸਟ ਲਿਆ ਗਿਆ, ਜਿਸ ਦਾ ਨਤੀਜਾ 23 ਮਈ 2016 ਨੂੰ ਘੋਸ਼ਿਤ ਕੀਤਾ ਗਿਆ ਸੀ।
ਪਾਵਰ ਕਾਰਪੋਰੇਸ਼ਨ ਵਲੋਂ ਪਾਸ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਅਤੇ ਮੈਰਿਟ ਵਿਚ ਸ਼ਾਮਲ ਉਮੀਦਵਾਰਾਂ ਦੇ ਦਸਤਾਵੇਜ਼  14 ਜੂਨ 2016 ਨੂੰ ਚੈਕ ਕੀਤੇ ਗਏ। ਪਿਛਲੇ ਇਕ ਸਾਲ ਤੋਂ ਟੈਕਨੀਸ਼ੀਅਨ ਗਰੇਡ-1 ਆਪਣੀ ਨਿਯੁਕਤੀ ਲਈ ਸੜਕਾਂ ਦੀ ਖ਼ਾਕ ਅਤੇ ਬਿਜਲੀ ਬੋਰਡ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ।
ਅੱਜ ਇਥੇ ਅਮਰਜੀਤ ਸਿੰਘ, ਵਿਕਰਮ ਕੁਮਾਰ, ਵਿਕਾਸ ਕੁਮਾਰ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਮਿਥਲੇਸ਼ ਸ਼ਰਮਾ, ਪ੍ਰਭਜੋਤ ਸਿੰਘ, ਵਿਕਰਮਪ੍ਰੀਤ ਸਿੰਘ, ਸਚਿਨ, ਚਮਕੌਰ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਨਿਯੁਕਤੀ ਪੱਤਰ ਲੈਣ ਲਈ ਕਈ ਵਾਰ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਉਚ ਅਧਿਕਾਰੀਆਂ ਨੂੰ ਮਿਲੇ ਹਾਂ ਪਰ  ਉਨ੍ਹਾਂ ਦਾ ਜਵਾਬ ਇਹ ਹੁੰਦਾ ਹੈ ਕਿ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਆਰਟੀਆਈ ਰਾਹੀਂ ਸੂਚਨਾ ਪ੍ਰਾਪਤ ਕੀਤੀ ਤਾਂ ਉਸ ਵਿਚ ਵੀ ਇਹੋ ਜਵਾਬ ਦਿੱਤਾ ਗਿਆ ਕਿ ਮਾਮਲਾ ਹਾਲੇ ਵਿਚਾਰਿਆ ਜਾ ਰਿਹਾ ਹੈ।  
ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਨੋਟੀਫਿਕੇਸ਼ਨ ਰਾਹੀਂ ਵੱਖ-ਵੱਖ 14 ਕੈਟਾਗਰੀਆਂ ਦੀਆਂ ਤਕਰੀਬਨ  2300 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਟੈਕਨੀਸ਼ੀਅਨ ਗਰੇਡ-1 ਨੂੰ ਛੱਡ ਕੇ ਪਾਵਰ ਕਾਰਪੋਰੇਸ਼ਨ ਵੱਲੋਂ ਬਾਕੀ ਸਾਰੀਆਂ ਕੈਟਾਗਰੀਆਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਦਫ਼ਤਰ ਹਾਜ਼ਰ ਵੀ ਕਰਵਾ ਲਏ ਗਏ ਹਨ। ਪ੍ਰੰਤੂ ਟੈਕਨੀਸ਼ੀਅਨ ਗਰੇਡ-1 ਦੇ 50 ਅਸਾਮੀਆਂ ਦੇ ਉਮੀਦਵਾਰ ਅੱਜ ਵੀ ਆਸ ਲਗਾਈ ਬੈਠੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦੋ ਵਾਰ ਮਿਲ ਚੁੱਕੇ ਹਾਂ। ਉਨ੍ਹਾਂ ਵੱਲੋਂ ਵੀ ਕੇਵਲ ਭਰੋਸਾ ਹੀ ਦਿੱਤਾ ਗਿਆ ਹੈ।