ਸਮਾਜ ਸੇਵੀ ਸੰਸਥਾਵਾਂ, ਵੈਲਫ਼ੇਅਰ ਐਸੋਸੀਏਸ਼ਨਾਂ, ਚੁਣੇ ਹੋਏ ਨੁਮਾਇੰਦੇ ਸਫ਼ਾਈ ਪੰਦਰਵਾੜੇ ਦੌਰਾਨ ਭੂਮਿਕਾ ਨਿਭਾਉਣ : ਕਮਿਸ਼ਨਰ

ਚੰਡੀਗੜ੍ਹ, ਚੰਡੀਗੜ੍ਹ



ਐਸ.ਏ.ਐਸ. ਨਗਰ, 17 ਸਤੰਬਰ (ਸੁਖਦੀਪ ਸਿੰਘ ਸੋਈ): ਸਮੁੱਚੇ ਦੇਸ਼ ਵਿਚ 2 ਅਕਤੂਬਰ ਤਕ ਚਲਣ ਵਾਲੀ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਲਏ ਗਏ ਫ਼ੈਸਲੇ ਮੁਤਾਬਕ ਅੱਜ ਦਾ ਦਿਨ ਕਾਰ ਸੇਵਾ ਸਫ਼ਾਈ ਦੇ ਮੱਦੇਨਜ਼ਰ ਸੈਕਟਰ-71 ਦੇ ਪਾਰਕ ਵਿਚ ਜਿਥੇ ਸਬਜ਼ੀ ਮੰਡੀ ਲਗਦੀ ਹੈ, ਵਿਖੇ ਭਾਰਤ ਸਰਕਾਰ ਦੀ ਸਵੱਛਤਾ ਮਿਸ਼ਨ ਟੀਮ ਜਿਹੜੀ ਚੰਡੀਗੜ੍ਹ ਵਿਖੇ ਮੈਗਸਿਪਾ ਵਿਚ ਸਿਖਲਾਈ ਲੈਣ ਪੁੱਜੀ ਹੋਈ ਹੈ, ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਸੱਦੇ 'ਤੇ ਸ਼ਹਿਰ ਦੇ ਸਫ਼ਾਈ ਕਾਰਜਾਂ 'ਚ ਅਪਣਾ ਹੱਥ ਵਟਾਇਆ ਜਿਸ ਦਾ ਮੁੱਖ ਮੰਤਵ 2 ਅਕਤੂਬਰ ਤੱਕ ਚੱਲਣ ਵਾਲੇ ਪੰਦਰਵਾੜੇ ਦੌਰਾਨ ਸਫ਼ਾਈ ਕਾਰਜਾਂ ਵਿਚ ਸਮਾਜਕ ਤੌਰ ਤੇ ਲੋਕਾਂ ਨੂੰ ਨਾਲ ਜੋੜਨਾ ਸੀ। ਟੀਮ ਵੱਲੋਂ ਕੀਤਾ ਗਿਆ ਯਤਨ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।

ਇਥੇ ਵਰਣਨਯੋਗ ਹੈ ਕਿ  ਸਵੱਛਤਾ ਮਿਸ਼ਨ ਦੀ ਟੀਮ ਜਿਸ ਵਿਚ ਕਸਲਟੈਂਟ ਸਵੱਛ ਭਾਰਤ ਮਿਸ਼ਨ ਭਾਰਤ ਸਰਕਾਰ ਬੀ.ਸੀ ਸੁਕਲਾ ਸਮਤੇ 34 ਹੋਰਨਾਂ ਸੁਬਿਆਂ ਨਾਲ ਸਬੰਧਤ ਵੱਖ-ਵੱਖ ਅਧਿਕਾਰੀਆਂ ਨੇ ਸਬਜੀ ਮੰਡੀ ਵਾਲੀ ਥਾਂ 'ਤੇ ਸਮਾਜ ਸੇਵੀ ਸੰਸਥਾਵਾਂ, ਵੈਲਫ਼ੇਅਰ ਐਸੋਸੀਏਸਨਾਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਸਵੇਰੇ 7.00 ਵਜੇ ਤੋਂ ਸਵੇਰੇ 8.30 ਤਕ ਸਫ਼ਾਈ ਕਾਰਜਾਂ ਵਿਚ ਹਿੱਸਾ ਲੈ ਕੇ ਅਪਣਾ ਯੋਗਦਾਨ ਪਾਇਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦਸਿਆ ਕਿ ਸਫ਼ਾਈ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਂ ਜੋ ਸਫ਼ਾਈ ਮੁਹਿੰਮ ਦੌਰਾਨ ਲੋਕਾਂ ਦੇ ਸਹਿਯੋਗ ਨਾਲ ਇਕ ਮਿਸ਼ਨ ਦੇ ਤੌਰ 'ਤੇ ਕੰਮ ਕੀਤਾ ਜਾ ਸਕੇ। ਸਯੁੰਕਤ ਕਮਿਸ਼ਨਰ ਅਵਨੀਤ ਕੌਰ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿਖੇ ਸਵੱਛਤਾ ਮਿਸ਼ਨ ਭਾਰਤ ਸਰਕਾਰ ਦੀ ਟੀਮ ਪੁੱਜਣ ਨਾਲ ਲੋਕਾਂ ਵਿਚ ਸਫ਼ਾਈ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ ਅਤੇ ਆਪਣੀ ਸਫਾਈ ਆਪ ਕਰਨ ਲਈ ਅਪਣਾ ਯੋਗਦਾਨ ਪਾਉਣਗੇ।

ਜ਼ਿਲ੍ਹਾ ਨੋਡਲ ਅਫ਼ਸਰ ਸੁਖਮਿੰਦਰ ਸਿੰਘ ਪੰਧੇਰਨੇ ਦਸਿਆ ਕਿ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਪੇਂਡੂ ਜਲ ਘਰਾਂ ਦੇ ਨਾਲ-ਨਾਲ ਪਿੰਡ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਲੋੜੀਂਦੇ ਆਂਗਣਵਾੜੀ ਕੇਂਦਰਾਂ ਤੇ ਧਰਮਸ਼ਾਲਾਵਾਂ ਵਿਚ ਸਫ਼ਾਈ ਮੁਹਿੰਮ ਦੌਰਾਨ ਪਖਾਨੇ ਵੀ ਬਣਾਏ ਜਾਣਗੇ ।