ਸ਼ਰਾਬ ਦੇ ਨਸ਼ੇ 'ਚ ਪੀ.ਸੀ.ਆਰ. ਕਰਮਚਾਰੀਆਂ ਨਾਲ ਫਿਰ ਬਦਸਲੂਕੀ

ਚੰਡੀਗੜ੍ਹ

ਚੰਡੀਗੜ੍ਹ, 27 ਅਕਤੂਬਰ (ਤਰੁਣ ਭਜਨੀ): ਚੰਡੀਗੜ੍ਹ ਪੁਲਿਸ ਦੇ ਕਰਮਚਾਰੀਆਂ ਨਾਲ ਮਾਰ ਕੁਟਾਈ, ਝਗੜੇ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਬੀਤੇ ਵੀਰਵਾਰ ਸੈਕਟਰ-20 ਵਿਚ ਪੀ ਸੀ ਆਰ ਕਰਮਚਾਰੀਆਂ ਨਾਲ ਇਕ ਸ਼ਰਾਬੀ ਨੇ ਪਹਿਲਾਂ ਬਦਸਲੂਕੀ ਕੀਤੀ ਅਤੇ ਬਾਅਦ ਵਿਚ ਉਸ ਨਾਲ ਹੱਥਾਪਾਈ ਵੀ ਕੀਤੀ। ਪੁਲਿਸ ਨੇ ਪੀ ਸੀ ਆਰ ਕਰਮਚਾਰੀਆਂ ਦੀ ਸ਼ਿਕਾਇਤ 'ਤੇ ਸੈਕਟਰ 56 ਵਾਸੀ ਰਵੀ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਘਟਨਾ ਸੈਕਟਰ-20 ਸਥਿਤ ਬੀ.ਐਸ.ਐਨ.ਐਲ. ਮੋੜ ਨੇੜੇ ਵਾਪਰੀ। ਇਹ ਕੋਈ ਨਵਾਂ ਮਾਮਲਾ ਨਹੀਂ ਹੈ ਜਦ ਪੁਲਿਸ ਕਰਮਚਾਰੀਆਂ ਨਾਲ ਮਾਰ ਕੁਟਾਈ ਅਤੇ ਹੱਥਾਪਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਈ ਵਾਰ ਪੁਲਿਸ ਵਾਲੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਹਨ।
ਬੀਤੇ ਸੋਮਵਾਰ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਚੌਕ 'ਤੇ ਇਕ ਮਹਿਲਾ ਵਲੋਂ ਰਾਮਚੰਦਰ ਨਾਂ ਦੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਨਾਲ ਬਦਸਲੂਕੀ ਕੀਤੀ ਗਈ ਅਤੇ ਬਾਅਦ ਵਿਚ ਚਲਾਨ ਕਾਪੀ ਪਾੜ ਕੇ ਮਹਿਲਾ ਭੱਜ ਗਈ ਸੀ। ਰਾਮਚੰਦਰ ਦੀ ਸ਼ਿਕਾਇਤ ਤੇ ਮਨੀਮਾਜਰਾ ਥਾਣਾ ਪੁਲਿਸ ਨੇ ਪੰਚਕੂਲਾ ਵਾਸੀ ਜੈਸਿਕਾ ਅਗਰਵਾਲ ਵਿਰੁਧ ਮਾਮਲਾ ਦਰਜ ਕੀਤਾ ਸੀ। ਇਹ ਦੋਵੇਂ ਮਾਮਲੇ ਇਸੇ ਹਫ਼ਤੇ ਦੇ ਹਨ।ਪਿਛਲੇ ਚਾਰ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪੁਲਿਸ ਵਾਲਿਆਂ ਵਿਰੁਧ ਲੋਕਾਂ ਵਲੋਂ ਬਦਸਲੂਕੀ ਦੇ 50 ਫ਼ੀ ਸਦੀ ਮਾਮਲਿਆਂ ਵਿਚ ਔਰਤਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪਹਿਲੀ ਸਤੰਬਰ ਨੂੰ ਕੈਂਬਵਾਲਾ ਵਿਚ ਪੀ.ਸੀ.ਆਰ. ਵਿਚ ਤੈਨਾਤ ਹੌਲਦਾਰ ਨਸੀਬ ਸਿੰਘ ਨਾਲ ਕੈਂਬਵਾਲਾ ਦੇ ਰਹਿਣ ਵਾਲੇ ਹੰਸਰਾਜ ਵਲੋਂ ਮਾਰ ਕੁਟਾਈ ਕੀਤੀ ਗਈ ਸੀ। ਹੌਲਦਾਰ ਲੜਾਈ ਦੀ ਸੂਚਨਾ ਮਿਲਣ 'ਤੇ ਘਟਨਾ ਵਾਲੀ ਥਾਂ ਪੁੱਜਾ ਸੀ।

6 ਸਤੰਬਰ ਨੂੰ ਪੀ ਜੀ ਆਈ ਨੇੜੇ ਇਕ ਕਾਰ ਚਲਾਕ ਨੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿਤਾ ਸੀ। ਕਾਂਸਟੇਬਲ ਵਿਕਾਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਚੰਡੀਗੜ੍ਹ ਪੁਲਿਸ ਤੋਂ ਮਿਲੇ ਅੰਕੜਿਆਂ ਮੁਤਾਬਕ ਸਾਲ 2014 ਤੋਂ ਲੈ ਕੇ ਮਈ 2017 ਤਕ ਡਿਊਟੀ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਮਾਰ-ਕੁਟਾਈ ਅਤੇ ਝਗੜੇ ਦੇ ਮਾਮਲਿਆਂ ਵਿਚ 107 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਸ ਵਿਚ 51 ਮਰਦ ਅਤੇ 56 ਔਰਤਾਂ ਸ਼ਾਮਲ ਹਨ। 8 ਮਈ ਨੂੰ ਸੈਕਟਰ 43 ਵਿਚ ਦੋ ਮੁਟਿਆਰਾਂ ਨੇ ਟ੍ਰੈਫ਼ਿਕ ਪੁਲਿਸ ਦੇ ਹੌਲਦਾਰ ਦੀ ਵਰਦੀ ਪਾੜ ਦਿਤੀ ਸੀ। ਦੋਹਾਂ ਮੁਟਿਆਰਾਂ ਨੇ ਲਾਲ ਬੱਤੀ ਪਾਰ ਕੀਤੀ ਸੀ ਅਤੇ ਜਦ ਉਨ੍ਹਾਂ ਦਾ ਚਲਾਨ ਕੀਤਾ ਤਾਂ ਉਨ੍ਹਾਂ ਪੁਲਿਸ ਕਰਮਚਾਰੀ ਨਾਲ ਬਦਸਲੂਕੀ ਕੀਤੀ ਜਿਸ ਤੋਂ ਬਾਅਦ ਦੋਹਾਂ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਦੋਹਾਂ ਮੁਟਿਆਰਾਂ ਵਿਚੋਂ ਇਕ ਦਾ ਕੁੱਝ ਦਿਨ ਬਾਅਦ ਵਿਆਹ ਹੋਣਾ ਸੀ। ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਮਾਮਲਿਆਂ ਵਿਚ ਵੀ ਚੰਡੀਗੜ੍ਹ ਦੀਆਂ ਔਰਤਾਂ ਪਿਛੇ ਨਹੀਂ ਹਨ। ਸਾਲ 2016 ਵਿਚ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਵਿਚ 23 ਔਰਤਾਂ ਵਿਰੁਧ ਕਾਰਵਾਈ ਕੀਤੀ ਗਈ। ਜਦਕਿ ਸਤੰਬਰ ਵਿਚ ਸ਼ਰਾਬ ਦੇ ਨਾਕੇ ਦੌਰਾਨ ਦੋ ਔਰਤਾਂ ਦਾ ਸ਼ਰਾਬ ਦੇ ਨਸ਼ੇ ਵਿਚ ਹੋਣ ਕਾਰਨ ਚਲਾਨ ਕੀਤਾ ਗਿਆ।