ਚੰਡੀਗੜ੍ਹ, 9 ਮਾਰਚ (ਸਰਬਜੀਤ ਸਿੰਘ) : ਚੰਡੀਗੜ੍ਹ ਦੇ ਸੈਕਟਰ 48-49 ਦੇ ਲਾਈਟ ਪੁਆਇੰਟ 'ਤੇ ਬੀਤੀ ਰਾਤ 1.30 ਵਜੇ ਦੇ ਕਰੀਬ ਤੇਜ਼ ਰਫ਼ਤਾਰ ਲੈਂਡ ਰੋਵਰ ਗੱਡੀ ਦੀ ਟੱਕਰ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਇਕ 28 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਗੱਡੀ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਦਸਿਆ ਜਾਂਦਾ ਹੈ। ਨੌਜਵਾਨ 22 ਸੈਕਟਰ ਦਾ ਰਹਿਣ ਵਾਲਾ ਸੀ। ਚੰਡੀਗੜ੍ਹ ਪੁਲਿਸ ਅਨੁਸਾਰ ਰਾਤੀ ਮੋਹਾਲੀ ਤੋਂ ਕਾਲ ਸੈਂਟਰ ਵਿਚ ਨੌਕਰੀ ਕਰਦਾ ਅਮਨ ਨਾਂ ਦਾ ਨੌਜਵਾਨ ਚੰਡੀਗੜ੍ਹ ਵਲ ਘਰ ਨੂੰ ਪਰਤ ਰਿਹਾ ਸੀ। ਜਦੋਂ ਉਹ ਸੈਕਟਰ 48-49 ਦੀਆਂ ਬੱਤੀਆਂ 'ਤੇ ਪਹੁੰਚਿਆ ਤਾਂ ਮੋਹਾਲੀ ਵਲੋਂ ਹੀ ਤੇਜ਼ ਰਫ਼ਤਾਰ ਆ ਰਹੀ ਲੈਂਡ ਰੋਵਰ ਕਾਰ ਦੇ ਮਾਲਕ ਨੇ ਉਸ ਨੌਜਵਾਨ ਦੇ ਮੋਟਰ ਸਾਈਕਲ ਸਪਲੈਂਡਰ ਨੂੰ ਜ਼ੋਰ ਦੀ ਟੱਕਰ ਮਾਰ ਦਿਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਦੀ ਸਪੀਡ ਐਨੀ ਤੇਜ਼ ਸੀ ਕਿ ਉਹ ਸੜਕ 'ਤੇ ਲੱਗੇ ਖੰਭੇ ਵਿਚ ਜਾ ਵੱਜੀ।