ਸੜਕਾਂ 'ਤੇ ਆਲੂ ਵਿਛਾ ਕੇ ਕਿਸਾਨਾਂ ਨੇ ਦਿਤਾ ਧਰਨਾ

ਚੰਡੀਗੜ੍ਹ


ਐਸ.ਏ.ਐਸ ਨਗਰ, 19 ਸਤੰਬਰ (ਸੁਖਦੀਪ ਸਿੰਘ ਸੋਈ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਗੰਨੇ ਦੇ 100 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਸੜਕ 'ਤੇ ਆਲੂ ਵਿਛਾ ਕੇ ਧਰਨਾ ਦਿਤਾ ਗਿਆ। ਉਨ੍ਹਾਂ ਨੇ ਅਪਣੇ ਗਲੇ ਵਿਚ ਆਲੂਆਂ ਦੀ ਮਾਲਾ ਬਣਾ ਕੇ ਸਰਕਾਰ ਵਿਰੁਧ ਰੋਸ ਜ਼ਾਹਰ ਕੀਤਾ। ਵਾਈ ਪੀ ਐਸ ਚੌਂਕ 'ਤੇ ਕਿਸਾਨਾਂ ਵਲੋਂ ਟਰਾਲੀਆਂ ਵਿਚ ਭਰ ਕੇ ਲਿਆਂਦੇ ਆਲੂ ਸੜਕ 'ਤੇ ਵਿਛਾ ਦਿਤੇ ਗਏ ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਲੂਆਂ ਕਾਰਨ ਕਈ ਲੋਕ ਹਾਦਸਾਗ੍ਰਸਤ ਹੋ ਗਏ। ਕਈ ਲੋਕਾਂ ਦੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ।

ਧਰਨੇ ਵਾਲੀ ਥਾਂ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਬੀਤੀ ਰਾਤ ਕਿਸਾਨਾਂ ਦੀ ਮੁੱਖ ਮੰਤਰੀ ਤੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕਮਾਰ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਗੰਨੇ ਦੀ ਰੁਕੀ ਹੋਈ ਰਕਮ ਦੀ ਅਦਾਇਗੀ ਪੰਜ ਕਿਸ਼ਤਾਂ ਵਿਚ ਕੀਤੀ ਜਾਵੇਗੀ ਅਤੇ ਇਸ ਵਿਚੋਂ 20 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਤੁਰਤ ਦੇਣ ਦਾ ਭਰੋਸਾ ਵੀ ਦਿਤਾ ਗਿਆ ਸੀ ਪਰੰਤੂ ਕੁੱਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਫੋਕੇ ਲਾਰਿਆਂ 'ਤੇ ਭਰੋਸਾ ਨਹੀਂ ਕਰਨਗੇ ਅਤੇ ਗੰਨੇ ਦੀ ਰੁਕੀ ਹੋਈ ਅਦਾਇਗੀ ਲੈ ਕੇ ਹੀ ਮੁੜਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਵਲੋਂ ਉਨ੍ਹਾਂ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।

ਬਾਅਦ ਦੁਪਹਿਰ ਧਰਨਾ ਪੁਲਿਸ ਵਲੋਂ ਜਬਰੀ ਖ਼ਤਮ ਕਰਵਾ ਦਿਤਾ ਗਿਆ। ਪੰਜਾਬ ਪੁਲਿਸ ਦੇ ਡੀ ਆਈ ਜੀ ਬੀ ਐਸ ਮੀਣਾ ਦੀ ਅਗਵਾਈ ਵਿਚ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲਿਸ ਵਲੋਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਧਰਨੇ ਤੋਂ ਉਠਾ ਕੇ ਅਤੇ ਬਸਾਂ ਵਿਚ ਭਰ ਕੇ ਅਣਦੱਸੀ ਥਾਂ ਭੇਜ ਦਿਤਾ ਗਿਆ। ਇਸ ਮੌਕੇ ਡੀ ਆਈ ਜੀ ਮੀਣਾ ਨੇ ਕਿਹਾ ਕਿ ਪੁਲਿਸ ਵਲੋਂ ਧਰਨਾਕਾਰੀਆਂ ਕਿਸਾਨਾਂ ਨੂੰ ਅਪਣਾ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਸਾਨਾਂ ਵਲੋਂ ਪੁਲਿਸ ਦੀ ਅਪੀਲ ਨਾ ਮੰਨਣ ਤੇ ਉਨ੍ਹਾਂ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਇਥੋਂ ਹਟਾ ਦਿਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਐਸ ਐਸ ਪੀ ਕੁਲਦੀਪ ਸਿੰਘ ਚਹਿਲ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਹਾਜ਼ਰ ਸਨ। ਕਿਸਾਨਾਂ ਦਾ ਧਰਨਾ ਖ਼ਤਮ ਕਰਵਾਉਣ ਤੋਂ ਬਾਅਦ ਪੁਲਿਸ ਵਲੋਂ ਕਿਸਾਨਾਂ ਦਾ ਟੈਂਟ ਵੀ ਉਥੋਂ ਹਟਵਾ ਦਿਤਾ ਗਿਆ।

ਧਰਨਾ ਚੁਕਵਾਏ ਜਾਣ ਤੋਂ ਬਾਅਦ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੁਲਿਸ ਵਲੋਂ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ਨੂੰ ਜਬਰੀ ਉਠਾਇਆ ਗਿਆ ਹੈ ਅਤੇ ਉਨ੍ਹਾਂ ਦੇ ਇਕ ਹਜ਼ਾਰ ਦੇ ਕਰੀਬ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਪਰੰਤੂ ਪੁਲਿਸ ਕਿਸਾਨਾਂ ਦੇ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ ਅਤੇ ਭਲਕੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਕਿਸਾਨ ਸਾਥੀ ਇਥੇ ਨਵੇਂ ਸਿਰੇ ਤੋਂ ਧਰਨਾ ਲਾਉਣਗੇ।