ਸੌਦਾ ਸਾਧ ਦੇ ਚੇਲਿਆਂ ਨੇ ਪੱਤਰਕਾਰਾਂ ਦੇ 42 ਵਾਹਨ ਫੂਕੇ

ਚੰਡੀਗੜ੍ਹ, ਚੰਡੀਗੜ੍ਹ



ਚੰਡੀਗੜ੍ਹ, 31 ਅਗਸੱਤ (ਤਰੁਣ ਭਜਨੀ): ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਿਚ 25 ਅਗੱਸਤ ਨੂੰ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਭੜਕੀ ਹਿੰਸਾ ਵਿਚ ਡੇਰਾ ਪ੍ਰੇਮੀਆਂ ਵਲੋਂ ਸੈਂਕੜੇ ਵਾਹਨਾਂ ਨੂੰ ਅੱਗ ਲਗਾਈ ਗਈ ਸੀ।
ਇਸ ਅੱਗਜਨੀ ਵਿਚ ਖ਼ਾਸ ਤੌਰ 'ਤੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਿੰਸਕ ਘਟਨਾ ਵਿਚ 50 ਤੋਂ ਵੱਧ ਵਾਹਨਾਂ ਨੂੰ ਅੱਗ ਦੀ ਭੇਂਟ ਚੜ੍ਹਾ ਦਿਤਾ ਗਿਆ ਜਿਨ੍ਹਾਂ ਵਿਚ 42 ਦੇ ਲਗਭਗ ਪੱਤਰਕਾਰਾਂ ਦੇ ਵਾਹਨ ਸਨ। ਸੌਦਾ ਸਾਧ ਦੇ ਚੇਲਿਆਂ ਵਲੋਂ ਓ.ਵੀ. ਵੈਨ, ਪੱਤਰਕਾਰਾਂ ਦੀਆਂ ਗੱਡੀਆਂ ਅਤੇ ਦੁਪਹਿਆ ਵਾਹਨਾਂ ਨੂੰ ਲੱਭ-ਲੱਭ ਕੇ ਫੂਕਿਆ ਗਿਆ ਸੀ। ਅਪਣੀ ਜਾਨ ਜੌਖ਼ਮ ਵਿਚ ਪਾ ਕੇ ਪੱਤਰਕਾਰੀ ਕਰਨ ਗਏ ਕਈ ਅਖ਼ਬਾਰਾਂ ਤੇ ਚੈਨਲਾਂ ਦੇ ਫ਼ੋਟੋ ਪੱਤਰਕਾਰ ਅਤੇ ਪੱਤਰਕਾਰ ਜਿਥੇ ਗੰਭੀਰ ਜ਼ਖ਼ਮੀ ਹੋਏ, ਉਥੇ ਹੀ ਜ਼ਿਆਦਾਤਰ ਪੱਤਰਕਾਰਾਂ ਦੇ ਵਾਹਨਾਂ ਨੂੰ ਅੱਗ ਲਗਾ ਦਿਤੀ।
ਪੱਤਰਕਾਰ ਬਰਿੰਦਰਜੀਤ ਸਲੂਜਾ, ਰਵੀ, ਜਗਮੋਹਨ ਸਿੰਘ, ਪਰਮਜੀਤ ਸਿੰਘ, ਰਾਕੇਸ਼ ਸ਼ਾਹ, ਕਮਲੇਸ਼ਵਰ, ਉਪਿੰਦਰ, ਸੰਤ ਅਰੋੜਾ, ਸੰਜੀਵ ਮਹਾਜਨ, ਮਨਜੀਤ ਸਹਿਦੇਵ, ਆਦਿਲ ਅਖ਼ਜ਼ਰ, ਅਮਿਤ ਸ਼ਰਮਾ, ਸਧਾਂਸ਼ੂ ਦੇ ਵਾਹਨਾਂ ਤੋਂ ਇਲਾਵਾ ਚੈਨਲ ਦੀਆਂ ਓ.ਵੀ. ਵੈਨ ਅਤੇ ਗੱਡੀਆਂ ਨੂੰ ਵੀ ਅੱਗ ਲਗਾ ਦਿਤੀ ਗਈ। ਮੀਡੀਆ 'ਤੇ ਹੋਏ ਹਮਲੇ ਤੋਂ ਬਾਅਦ ਬੀਤੀ ਦਿਨੀਂ ਚੰਡੀਗੜ੍ਹ ਵਿਚ ਇਸ ਦੇ ਵਿਰੋਧ ਵਿਚ ਪਤਰਕਾਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ। ਪੁਲਿਸ ਨੇ ਨੁਕਾਸਨੇ ਗਏ ਵਾਹਨਾਂ ਨੂੰ ਸੈਕਟਰ-23 ਦੇ ਥਾਣੇ ਵਿਚ ਰਖਿਆ ਹੈ ਅਤੇ ਇਸਦੀ ਐਫ਼.ਆਈ.ਆਰ. ਸੈਕਟਰ-5 ਥਾਣਾ ਵਿਚ ਦਰਜ ਕੀਤੀ ਜਾ ਰਹੀ ਹੈ।
ਹਾਲਾਂਕਿ ਹਰਿਆਣਾ ਸਰਕਾਰ ਨੇ ਹਿੰਸਾ ਵਿਚ ਨੁਕਸਾਨੇ ਗਏ ਵਾਹਨਾਂ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ ਹੈ। ਇਸ ਸਬੰਧੀ ਵਾਹਨਾਂ ਦੇ ਮਾਲਕਾਂ ਵਲੋਂ ਸਬੰਧਤ ਥਾਣੇ ਵਿਚ ਐਫ਼.ਆਈ.ਆਰ. ਦਰਜ ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਵਾਹਨ ਚਾਲਕ ਇਕ ਫ਼ਾਰਮ ਭਰ ਕੇ ਪੰਚਕੂਲ ਐਸ.ਡੀ.ਐਮ. ਦੇ ਕੋਲ ਕਲੇਮ ਕਰ ਸਕਦਾ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਜਤਵੰਤ ਰਾਣਾ ਨੇ ਦਸਿਆ ਕਿ ਹਿੰਸਾ ਵਿਚ ਜ਼ਿਆਦਾਤਰ ਪੱਤਰਕਾਰਾਂ ਦੇ ਵਾਹਨਾਂ ਦਾ ਨੁਕਸਾਨ ਕੀਤਾ ਗਿਆ ਹੈ ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ ਅਤੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹ ਪੰਚਕੂਲਾ ਪ੍ਰਸ਼ਾਸਨ ਨੂੰ ਵਾਹਨ ਦੀ ਭਰਪਾਈ ਦੀ ਅਪੀਲ ਕਰਨ ਤੋਂ ਬਾਅਦ ਇਕ ਕਾਪੀ ਪ੍ਰੈੱਸ ਕਲੱਬ ਨੂੰ ਜ਼ਰੂਰ ਦੇਣ ਤਾਕਿ ਸਰਕਾਰ ਤੇ ਪਤਰਕਾਰਾਂ ਦੇ ਨੁਕਸਾਨ ਦੀ ਭਰਪਾਈ ਲਈ ਜ਼ੋਰ ਪਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਪੱਤਰਕਾਰਾਂ ਦਾ ਇਕ ਵਫ਼ਦ ਹਰਿਆਣਾ ਦੇ ਰਾਜਪਾਲ ਨੂੰ ਮਿਲਿਆ ਸੀ ਜਿਸ ਵਿਚ ਪੱਤਰਕਾਰਾਂ ਦੇ ਨੁਕਸਾਨ ਦੀ ਛੇਤੀ ਭਰਪਾਈ ਕਰਨ ਦੀ ਮੰਗ ਕੀਤੀ ਗਈ ਸੀ।
ਹਿੰਸਾ ਵਿਚ ਨੁਕਸਾਨੇ ਗਏ ਵਾਹਨਾਂ ਦਾ ਮਿਲਦਾ ਹੈ ਬੀਮਾ ਕਲੇਮ : ਬੀਮਾ ਕੰਪਨੀਆਂ ਮੁਤਾਬਕ ਹਿੰਸਕ ਘਟਨਾ ਵਿਚ ਨੁਕਸਾਨੇ ਜਾਣ ਵਾਲੇ ਵਾਹਨਾਂ ਦਾ ਬੀਮਾ ਕੰਪਨੀਆਂ ਵਲੋਂ ਕਲੇਮ ਦਿਤਾ ਜਾਂਦਾ ਹੈ। ਬੀਮਾ ਹੋਣ 'ਤੇ ਵਾਹਨ ਚਾਲਕ ਸਬੰਧਤ ਬੀਮਾ ਕੰਪਨੀ ਕੋਲੋਂ ਇਸ ਦੀ ਭਰਪਾਈ ਲਈ ਕਲੇਮ ਲੈ ਸਕਦੇ ਹਨ। ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਜਸਪਾਲ ਰਾਏ ਭੱਟੀ ਨੇ ਦਸਿਆ ਕਿ ਬੀਮੇ ਵਿਚ ਇਸ ਤਰੀਕੇ ਦਾ ਕਲੇਮ ਕਵਰ ਹੁੰਦਾ ਹੈ।