ਸੀ.ਟੀ.ਯੂ. ਬੇੜੇ 'ਚ 40 ਨਵੀਆਂ ਬਸਾਂ ਛੇਤੀ ਹੋਣਗੀਆਂ ਸ਼ਾਮਲ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 22 ਸਤੰਬਰ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਦਾ ਟਰਾਂਸਪੋਰਟ ਵਿਭਾਗ ਸ਼ਹਿਰ ਵਿਚ ਸੀ.ਟੀ.ਯੂ. ਦੁਆਰਾ ਚਲਾਈਆਂ ਜਾ ਰਹੀਆਂ ਧੂੰਏ ਵਾਲੀਆਂ ਬਸਾਂ ਤੋਂ ਇਲਾਵਾ ਹੋਰ ਕੰਡਮ ਬਸਾਂ ਨੂੰ ਬਦਲ ਕੇ 40 ਹੋਰ ਨਵੀਆਂ ਆਧੁਨਿਕ ਸਹੂਲਤਾਂ ਵਾਲੀਆਂ ਬਸਾਂ ਪਾਏਗਾ। ਇਨ੍ਹਾਂ ਦੀ ਖ਼ਰੀਦ ਜਲਦੀ ਕੀਤੀ ਜਾਵੇਗੀ। ਯੂ.ਟੀ. ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਇਨ੍ਹਾਂ ਬਸਾਂ ਦੀ ਪ੍ਰਵਾਨਗੀ ਦੇ ਦਿਤੀ ਹੈ ਅਤੇ ਹੁਣ ਇਹ ਫ਼ਾਈਲ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਦਿਤੀ ਹੈ। ਇਸ ਲਈ ਕੇਂਦਰੀ ਵਿਕਾਸ ਮੰਤਰਾਲਾ ਵਿਸ਼ੇਸ਼ ਗ੍ਰਾਂਟ ਮੁਹਈਆ ਕਰੇਗਾ।
ਸੂਤਰਾਂ ਅਨੁਸਾਰ ਪ੍ਰਸ਼ਾਸਨ ਵਲੋਂ ਸੀ.ਟੀ.ਯੂ. ਦੇ ਬੰਦ ਪਏ ਬਹੁਤ ਸਾਰੇ ਲੰਮੇ ਰੂਟਾਂ 'ਤੇ ਵੀ ਨਵੀਆਂ ਬਸਾਂ ਪਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਵਾਸਤੇ 200 ਨਵੀਆਂ ਬਸਾਂ ਖ਼ਰੀਦੀਆਂ ਹਨ, ਜਿਨ੍ਹਾਂ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਚਲਾਈਆਂ ਜਾਣਗੀਆਂ। ਜਿਹੜੀਆਂ 40 ਬਸਾਂ ਆ ਰਹੀਆਂ ਹਨ, ਉਹ ਮੋਹਾਲੀ, ਪੰਚਕੂਲਾ ਤੇ ਹੋਰ ਨਾਲ ਲਗਦੇ ਇਲਾਕਿਆਂ ਵਿਚ ਚਲਾਈਆਂ ਜਾਣਗੀਆਂ।
ਸ਼ਹਿਰ ਵਿਚ ਇਲੈਕਟ੍ਰਾਨਿਕ ਬਸਾਂ ਅਜੇ ਨਹੀਂ : ਸੀ.ਟੀ.ਯੂ. ਦੇ ਡਾਇਰੈਕਟਰ ਅਮਿਤ ਤਲਵਾੜ ਨੇ ਸਪੋਕਸਮੈਨ ਨੂੰ ਦਸਿਆ ਕਿ ਚੰਡੀਗੜ੍ਹ ਵਿਚ ਅਜੇ ਇਲੈਕਟ੍ਰਾਨਿਕ ਬਸਾਂ ਨਹੀਂ ਚਲਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਖ਼ਰੀਦ ਲਈ ਕੋਈ ਕਾਰਵਾਈ ਅਰੰਭੀ ਨਹੀਂ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜ਼ਿਆਦਾ ਟ੍ਰੈਫ਼ਿਕ ਹੋਣ ਕਾਰਨ ਇਲੈਕਟ੍ਰਾਨਿਕ ਬਸਾਂ ਚਲਾਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਕਦਮ ਚੁਕਣੇ ਪੈਣਗੇ। ਵਰਣਨਯੋਗ ਹੈ ਕਿ ਸ਼ਹਿਰ ਵਿਚ ਵਾਤਾਵਰਣ ਦੀ ਪ੍ਰਦੂਸ਼ਣਤਾ ਨੂੰ ਘਟਾਉਣ ਲਈ ਇਲੈਕਟ੍ਰਾਨਿਕ ਬਸਾਂ ਬੰਗਲੌਰ, ਮੁੰਬਈ ਅਤੇ ਹੋਰ ਵੱਡੇ ਸ਼ਹਿਰਾਂ ਦੀ ਤਰਜ਼ 'ਤੇ ਚਲਾਉਣ ਲਈ ਫ਼ੈਸਲਾ ਕੀਤਾ ਗਿਆ ਸੀ ਪਰ ਹਾਲੇ ਇਸ ਨੂੰ ਲਾਗੂ ਕਰਨ ਵਿਚ ਕੁੱਝ ਸਮਾਂ ਲਗੇਗਾ।