ਚੰਡੀਗੜ੍ਹ, 29 ਅਗੱਸਤ
(ਸਰਬਜੀਤ ਢਿੱਲੋਂ) : ਟਰਾਂਸਪੋਰਟ ਵਿਭਾਗ ਵਲੋਂ ਸੀ.ਟੀ.ਯੂ. ਦੀਆਂ 25 ਅਗੱਸਤ ਤੋਂ ਸੌਦਾ
ਸਾਧ ਦੀ ਪੇਸ਼ ਕਾਰਨ ਲੰਮੇ ਰੂਟਾਂ 'ਤੇ ਬੰਦ ਕੀਤੀਆਂ ਬਸਾਂ ਮੁੜ ਬਹਾਲ ਕਰ ਦਿਤੀਆਂ ਗਈਆਂ।
ਇਨ੍ਹਾਂ ਵਿਚ ਹਿਸਾਰ, ਰੋਹਤਕ, ਸਿਰਸਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਦਿੱਲੀ ਵਲ ਜਾਂਦੇ
ਰੂਟ ਸ਼ਾਮਲ ਹਨ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ 'ਚ ਵਿਗੜੇ ਹਾਲਾਤ ਕਰ ਕੇ
ਸੀ.ਟੀ.ਯੂ. ਵਲੋਂ 25, 26 ਤੇ 27 ਅਗੱਸਤ ਤਕ ਦਿਨ ਲਗਾਤਾਰ ਬਸਾਂ ਬੰਦ ਰਹੀਆਂ ਸਨ।
ਸੀ.ਟੀ.ਯੂ.
ਦੇ ਡਾਇਰੈਕਟਰ ਅਮਿੱਤ ਤਲਵਾੜ ਅਨੁਸਾਰ ਵਿਭਾਗ ਵਲੋਂ ਸੈਕਟਰ-17 ਅਤੇ 43 ਦੇ ਬੱਸ ਅੱਡਿਆਂ
ਤੋਂ ਚੱਲਣ ਵਾਲੀਆਂ ਬਸਾਂ ਵਿਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਸੁਰੱਖਿਆ ਵਧਾ ਦਿਤੀ ਗਈ
ਹੈ ਅਤੇ ਇਸ ਲਈ ਪੁਲਿਸ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਗਏ ਹਨ ਤਾਕਿ ਕੋਈ ਅਣਸੁਖਾਵੀਂ
ਘਟਨਾ ਨਾ ਵਾਪਰੇ। ਤਲਵਾੜ ਨੇ ਦਸਿਆ ਕਿ ਸੌਦਾ ਸਾਧ ਦੀ ਪੇਸ਼ੀ ਮੌਕੇ ਭੜਕੀ ਹਿੰਸਾ ਦੌਰਾਨ
ਬੰਦ ਰਹੀਆਂ ਬਸਾਂ ਨਾਲ ਵਿਭਾਗ ਨੂੰ 25 ਲੱਖ ਰੁਪਏ ਦੇ ਕਰੀਬ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਸੀ.ਟੀ.ਯੂ. ਦੇ ਲੰਮੇ ਤੇ ਲੋਕਲ ਸ਼ਹਿਰਾਂ ਪੰਚਕੂਲਾਂ ਤੇ ਮੋਹਾਲੀ ਆਦਿ ਸਮੇਤ ਸਾਰੇ ਰੂਟ ਚਲਾ ਦਿਤੇ ਗਏ ਹਨ।