ਐਸ.ਏ.ਐਸ. ਨਗਰ, 8 ਨਵਬੰਰ (ਸੁਖਦੀਪ ਸਿੰਘ ਸੋਈ): ਰਮਸਾ ਕੁਲ ਹਿੰਦ ਕਾਂਗਰਸ ਕਮੇਟੀ ਅਤੇ ਸੂਬਾ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਨੋਟਬੰਦੀ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਜੰਮ ਕੇ ਅਲੋਚਨਾ ਕੀਤੀ ਗਈ। ਇਸ ਮੌਕੇ ਭਾਰੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਵਿਧਾਇਕ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਪਿਛਲੇ ਸਾਲ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਨੇ ਦੇਸ਼ ਨੂੰ ਭਾਰੀ ਆਰਥਕ ਨੁਕਸਾਨ ਪਹੁੰਚਾਇਆ ਸੀ। ਨੋਟਬੰਦੀ ਕਾਰਨ ਜਿੱਥੇ ਦੇਸ਼ ਦੀ ਅਰਥ-ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋਈ ਹੈ, ਉਥੇ ਮਹਿੰਗਾਈ ਵਿਚ ਵੀ ਬੇਤਹਾਸ਼ਾ ਵਾਧਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਦਬੰਦੀ ਅਤੇ ਜੀ.ਐਸ.ਟੀ. ਬਿਲ ਵਰਗੇ ਮਾਰੂ ਫ਼ੈਸਲਿਆਂ ਕਾਰਨ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿਚ ਪਿਸਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਛੇ ਦਿਨਾਂ ਦਾ ਨਾਹਰਾ ਦੇਣ ਵਾਲੀ ਭਾਜਪਾ ਸਰਕਾਰ ਨੇ ਲੋਕਾਂ ਦੇ ਹਿੱਤ ਵਿਚ ਇਕ ਵੀ
ਫ਼ੈਸਲਾ ਨਹੀਂ ਕੀਤਾ। ਭਾਜਪਾ ਨੂੰ ਆਪਣੀਆਂ ਲੋਕ ਵਿਰੋਧੀ ਨੀਤੀਆਂ ਦਾ ਖਮਿਆਜ਼ਾ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਬੂਟਾ ਸਿੰਘ ਸੋਹਾਣਾਂ, ਕੌਂਸਲਰ ਰਜਿੰਦਰ ਸਿੰਘ ਰਾਣਾ, ਕੌਂਸਲਰ ਅਮਰੀਕ ਸਿੰਘ ਸੋਮਲ, ਕੌਂਸਲਰ ਨਛੱਤਰ ਸਿੰਘ ਬੈਦਵਾਣ, ਕੌਂਸਲਰ ਨਰੈਣ ਸਿੰਘ ਸਿੱਧੂ, ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਕੌਂਸਲਰ ਜਸਬੀਰ ਸਿੰਘ ਮਣਕੂੰ, ਦਵਿੰਦਰ ਕੌਰ, ਜੀ.ਐਸ. ਰਿਆੜ, ਗੁਰਚਰਨ ਸਿੰਘ ਭਮਰਾ, ਸ਼ੋਰਭ ਜੈਨ, ਇੰਦਰਜੀਤ ਸਿੰਘ ਖੋਖਰ, ਟਹਿਲ ਸਿੰਘ ਮਾਣਕਪੁਰ ਕੱਲਰ, ਮਨਜੀਤ ਸਿੰਘ ਤੰਗੋਰੀ, ਕੁਲਦੀਪ ਸਿੰਘ ਬਿੱਟੂ ਬਲੌਂਗੀ , ਰਣਜੀਤ ਸਿੰਘ ਗਿੱਲ, ਮਨਜੀਤ ਸਿੰਘ ਬਲੌਂਗੀ, ਬੀ.ਸੀ. ਪ੍ਰੇਮੀ ਬਲੌਂਗੀ, ਟਿੰਕੂ ਅਨੰਦ, ਨਿਰਮਲ ਕੌਸ਼ਲ, ਰਮਨਦੀਪ ਸਿੰਘ ਸਫੀਪੁਰ, ਗਗਨਦੀਪ ਸਿੰਘ ਧਾਲੀਵਾਲ, ਐਚ.ਐਸ. ਢਿੱਲੋਂ, ਮਨਜੀਤ ਸਿੰਘ ਚੌਹਾਨ, ਐਚ.ਐਸ. ਕਮਲ, ਰਜਿੰਦਰ ਸਿੰਘ ਧਰਮਗੜ੍ਹ, ਸਤੀਸ਼, ਰਾਣਾ ਬਲੌਂਗੀ ਆਦਿ ਹਾਜ਼ਰ ਸਨ।