ਸਿਗਰਟ-ਬੀੜੀ ਤੇ ਪਾਨ ਮਸਾਲੇ ਵੇਚਣ ਵਾਲੇ ਦੁਕਾਨਦਾਰ ਨਹੀਂ ਰੱਖ ਸਕਣਗੇ ਖਾਧ ਪਦਾਰਥ

ਚੰਡੀਗੜ੍ਹ

ਚੰਡੀਗੜ੍ਹ, 28 ਸਤੰਬਰ (ਸਰਬਜੀਤ ਢਿੱਲੋਂ): ਸ਼ਹਿਰ ਦੇ ਬਾਜ਼ਾਰਾਂ 'ਚ ਸਿਗਰਟ-ਬੀੜੀ, ਪਾਨ ਮਸਾਲਾ ਅਤੇ ਹੋਰ ਤਮਾਕੂ ਤੋਂ ਬਣੇ ਉਤਪਾਦਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰ ਹੁਣ ਬਿਸਕੁਟ, ਸੌਫ਼ਟ ਡਰਿੰਕ, ਕੋਕਾ ਕੋਲਾ, ਚਾਕਲੋਟ ਪੇਸਟੀ ਅਤੇ ਟਾਫ਼ੀਆਂ ਆਦਿ ਨਹੀਂ ਵੇਚ ਸਕਣਗੇ, ਜਿਸ ਨਾਲ ਉਨ੍ਹਾਂ ਦੀ ਆਮਦਨੀ 'ਤੇ ਕੇਂਦਰ ਸਰਕਾਰ ਦਾ ਨਵਾਂ ਕਾਨੂੰਨ ਛੇਤੀ ਹੀ ਸ਼ਿਕੰਜਾ ਕਸਣ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਵਲੋਂ ਅਜਿਹੇ ਦੁਕਾਨਦਾਰਾਂ 'ਤੇ ਸਖ਼ਤ ਰੋਕ ਲਾਉਣ ਲਈ ਸੂਬਾ ਸਰਕਾਰਾਂ ਨੂੰ ਛੇਤੀ ਹੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਇਨ੍ਹਾਂ ਨਵੇਂ ਨਿਯਮਾਂ 'ਚ ਕੇਂਦਰ ਵਲੋਂ ਸਿਹਤ ਲਈ ਖ਼ਤਰਨਾਕ ਤਮਾਕੂ ਅਤੇ ਪਾਨ ਮਸਾਲੇ ਆਦਿ ਦੀ ਵਿਕਰੀ ਕਰਦੇ ਦੁਕਾਨਦਾਰਾਂ ਨੂੰ ਹੁਣ ਸੂਬਾ ਸਰਕਾਰਾਂ ਦੀਆਂ ਮਿਊਂਸਪਲ ਕਾਰਪੋਰੇਸ਼ਨਾਂ ਜਾਂ ਨਗਰ ਕੌਂਸਲਾਂ ਕੋਲੋਂ ਨਵੇਂ ਸਿਰੇ ਤੋਂ ਜਾਂਚ ਕਰਾਉਣੀ ਪਵੇਗੀ। ਦੱਸਣਯੋਗ ਹੈ ਕਿ ਨਵੇਂ ਨਿਯਮਾਂ ਅਨੁਸਾਰ ਕੇਂਦਰੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਵੀ ਹੋ ਸਕਦੀ ਹੈ।
ਦੂਜੇ ਪਾਸੇ ਸੈਕਟਰ-22 ਅਤੇ 17 ਵਿਚ ਅਜਿਹੇ ਤਮਾਕੂ ਉਤਪਾਦਕਾਂ ਨਾਲ ਕੋਕਾ ਕੋਲਾ, ਪੈਟੀਜ਼ ਤੇ ਹੋਰ ਖਾਧ-ਪਦਾਰਥਾਂ ਦੀ ਵਿਕਰੀ ਕਈ ਸਾਲਾਂ ਤੋਂ ਕਰਦੇ ਆ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਆਮਦਨ ਅੱਧੀ ਰਹਿ ਜਾਣ ਦਾ ਖ਼ਤਰਾ ਹੈ। ਸੈਕਟਰ-17 ਦੇ ਓਮ ਖ਼ਾਨ ਭੰਡਾਰ ਦੇ ਮਾਲਕ ਰਿਸ਼ੀ ਨੇ ਕਿਹਾ ਕਿ ਉਹ ਤਾਂ ਕਈ ਸਾਲਾਂ ਤੋਂ ਅਪਣੀ ਦੁਕਾਨ 'ਤੇ ਪਿਤਾ-ਪੁਰਖੀ ਕੰਮ ਕਰਦੇ ਆ ਰਹੇ ਹਨ ਪਰ ਹੁਣ ਸੋਚਣਾ ਪਵੇਗਾ ਕਿ ਕੀ ਵੇਚੀÂੈ ਤੇ ਕੀ ਨਾ ਵੇਚੀਏ।