ਸ਼ਿਮਲਾ ਤੋਂ ਵੀ ਵੱਧ ਠੰਢਾ ਹੋਇਆ ਚੰਡੀਗੜ੍ਹ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 15 ਦਸੰਬਰ (ਤਰੁਣ ਭਜਨੀ): ਸ਼ਹਿਰ 'ਚ ਬੀਤੇ ਦੋ ਦਿਨਾਂ ਤੋਂ ਠੰਢ ਨੇ ਪੂਰਾ ਜ਼ੋਰ ਫੜ ਲਿਆ ਹੈ। ਆਲਮ ਇਹ ਹੈ ਕਿ ਸ਼ੁਕਰਵਾਰ ਚੰਡੀਗੜ੍ਹ ਦਾ ਦਿਨ ਦਾ ਤਾਪਮਾਨ ਸ਼ਿਮਲੇ ਤੋਂ ਵੀ ਘੱਟ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਉਪਰਲਾ ਤਾਪਮਾਨ 13.0 ਡਿਗਰੀ ਦਰਜ ਕੀਤਾ ਗਿਆ ਜਦਕਿ ਸ਼ਿਮਲਾ ਵਿਚ ਉਪਰਲਾ ਤਾਪਮਾਨ 13.9 ਡਿਗਰੀ ਰਿਹਾ। ਇਸੇ ਤਰ੍ਹਾਂ ਚੰਡੀਗੜ੍ਹ ਦਾ ਰਾਤ ਦਾ ਤਾਪਮਾਨ 10.5 ਡਿਗਰੀ ਅਤੇ ਸ਼ਿਮਲਾ ਦਾ 4.4 ਡਿਗਰੀ ਰੀਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸਨਿਚਰਵਾਰ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਤੇ ਤਾਪਮਾਨ ਵਿਚ ਵੀ ਵਾਧਾ ਹੋਵੇਗਾ। ਜਿਸ ਨਾਲ ਲੋਕਾਂ ਨੂੰ ਠੰਢ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਸ਼ਹਿਰ ਵਿਚ ਸੋਮਵਾਰ ਅਤੇ ਮੰਗਲਵਾਰ ਹੋਈ ਬਾਰਸ਼ ਤੋਂ ਬਾਅਦ ਮੌਸਮ ਕਾਫ਼ੀ ਠੰਢਾ ਹੋ ਗਿਆ ਹੈ ਅਤੇ ਤਾਪਮਾਨ 4 ਤੋਂ 5 ਡਿਗਰੀ ਹੇਠਾਂ ਡਿਗਿਆ ਹੈ। ਲੋਕਾਂ ਨੂੰ ਸਿਆਲ ਦੀ ਠੰਢ ਦਾ ਅਹਿਸਾਸ

 ਹੋਇਆ ਅਤੇ ਲੋਕਾਂ ਨੇ ਗਰਮ ਕਪੜੇ ਕੱਢ ਲਏ। ਕਈ ਥਾਵਾਂ 'ਤੇ ਲੋਕੀ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਵਿਖਾਈ ਦਿਤੇ। ਮੌਸਮ ਵਿਚ ਆਏ ਇਸ ਬਦਲਾਅ ਦਾ ਲੋਕੀ ਪੂਰਾ ਅੰਨਦ ਲੈ ਰਹੇ ਹਨ।
ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਨਾਲ ਸ਼ੁਕਰਵਾਰ ਵੀ ਅਜਿਹਾ ਹੀ ਮੌਸਮ ਰਿਹਾ ਹੈ। ਇਸ ਨਾਲ ਪਹਾੜਾਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆ ਵਿਚ ਮੀਂਹ ਪਿਆ ਅਤੇ ਮੌਸਮ ਠੰਢਾ ਹੋ ਗਿਆ। ਚੰਡੀਗੜ੍ਹ ਸਮੇਤ ਪੂਰੇ ਉਤਰ ਭਾਰਤ ਵਿਚ ਸ਼ੁਕਰਵਾਰ ਨੂੰ ਠੰਢੀਆਂ ਹਵਾਵਾਂ ਦਾ ਦੌਰ ਜਾਰੀ ਰਿਹਾ। ਸਵੇਰ ਅਤੇ ਸ਼ਾਮ ਦੇ ਸਮੇਂ ਮੈਦਾਨੀ ਇਲਾਕਿਆਂ ਵਿਚ ਕੋਹਰਾ ਵੀ ਛਾਇਆ ਰਿਹਾ।
ਦੂਜੇ ਪਾਸੇ ਸਵੇਰ ਅਤੇ ਸ਼ਾਮ ਦੇ ਕੋਹਰੇ ਕਾਰਨ ਰੇਲ ਅਤੇ ਹਵਾਈ ਅਵਾਜਾਈ ਵੀ ਪ੍ਰਭਾਵਤ ਹੋ ਰਹੀ ਹੈ। ਕਈਂ ਟ੍ਰੇਨਾਂ ਦੇਰੀ ਨਾਲ ਚੱਲ ਰਹੀ ਹਨ।