ਚੰਡੀਗੜ੍ਹ, 30 ਅਕਤੂਬਰ (ਤਰੁਣ ਭਜਨੀ) : ਅਪਰਾਧਕ ਗਤੀਵਿਦੀਆਂ ਤੇ ਨਜ਼ਰ ਰੱਖਣ ਲਈ ਚੰਡੀਗੜ੍ਹ ਪੁਲਿਸ ਸ਼ਹਿਰ ਦੀਆਂ ਕਲੋਨੀਆਂ ਅਤੇ ਸਲਮ ਇਲਾਕਿਆਂ ਵਿਚ ਵੀ ਸੀ ਸੀ ਟੀ ਵੀ ਕੈਮਰੇ ਲਗਾਉਣ ਜਾ ਰਹੀ ਹੈ। ਡੀ ਜੀ ਪੀ ਤਜੇਂਦਰ ਸਿੰਘ ਲੂਥਰਾ ਵਲੋਂ ਸ਼ੁਰੂ ਕੀਤੇ ਗਏ ਨਿਗੇਬਾਨ ਪ੍ਰੋਜੈਕਟ ਤਹਿਤ ਸ਼ਹਿਰ 14 ਹਜ਼ਾਰ ਦੇ ਕਰੀਬ ਸੀ ਸੀ ਟੀ ਵੀ ਕੈਮਰੇ ਪਹਿਲਾਂ ਤੋਂ ਹੀ ਲਗਾਏ ਜਾ ਚੁੱਕੇ ਹਨ। ਹੁਣ ਪੁਲਿਸ ਦੀ ਯੋਜਨਾ ਹੈ ਕਿ ਉਨ੍ਹਾਂ ਥਾਵਾਂ ਤੇ ਵੀ ਕੈਮਰੇ ਲਗਾਏ ਜਾਣ ਜਿਥੇ ਅਪਰਧਾਕ ਘਟਨਾਵਾਂ ਜਿਆਦਾਂ ਵਾਪਰ ਦੀਆਂ ਹਨ।ਪੁਲਿਸ ਕਲੋਨੀਆਂ ਅਤੇ ਝੁੱਗੀ-ਝੋਪੜੀ ਵਾਲੇ ਇਲਾਕਿਆਂ ਵਿਚ ਵੀ ਕੈਮਰੇ ਲਗਾਉਣ ਜਾ ਰਹੀ ਹੈ। ਤਾਂਕਿ 24 ਘੰਟੇ ਨਜ਼ਰ ਰੱਖੀ ਜਾ ਸਕੇ। ਆਉਣ ਵਾਲੇ ਦਿਨਾਂ ਵਿਚ ਪੁਲਿਸ ਮਨੀਮਾਜਰਾ ਸਥਿਤ ਨਿਉ ਇੰਦਰਾ ਕਲੋਨੀ ਵਿਚ 100 ਦੇ ਕਰੀਬ ਸੀ ਸੀ ਟੀ ਵੀ ਕੈਮਰੇ ਲਗਾਉਣ ਜਾ ਰਹੀ ਹੈ। ਜਿਸਦੀ ਲਾਗਤ 10 ਲੱਖ ਰੁਪਏ ਦੇ ਕਰੀਬ ਹੈ। ਇਸਦੇ ਲਈ ਉਨ੍ਹਾ ਥਾਵਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਥੇ ਇਨ੍ਹਾ ਕੈਮਰਿਆਂ ਨੂੰ ਲਗਾਇਆ ਜਾਵੇਗਾ।
ਇਸਤੋਂ ਇਲਾਵਾ ਪੁਲਿਸ ਵਿਭਾਗ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੋਲੀਜਾਗਰਾਂ ਅਤੇ ਕਲੋਨੀ ਨੰਬਰ 4 ਵਿਚ ਵੀ ਸੀ ਸੀ ਟੀ ਵੀ ਲਗਾਉਣ ਵਾਰੇ ਲਿਖ਼ਿਆ ਹੈ। ਇਸ ਸਬੰਧ ਵਿਚ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਈਸਟ ਸਤੀਸ਼ ਕੁਮਾਰ ਨੇ ਦੱਸਿਆ ਕਿ ਇੰਦਰਾ ਕਲੋਨੀ ਵਿਚ 10 ਲੱਖ ਰੁਪਏ ਦੀ ਲਾਗਤ ਨਾਲ ਕੈਮਰੇ ਲਗਾਏ ਜਾਣਗੇ। ਉਨ੍ਹਾ ਦੱਸਿਆ ਕਿ ਕੈਮਰਿਆ ਵਿਚ 15 ਦਿਨ ਦੀ ਰਿਕਾਰਡਿੰਗ ਸਟੋਰ ਹੋ ਸਕੇਗੀ। ਇਸਤੋਂ ਬਾਅਦ ਪਿਛਲੀ ਰਿਕਾਰਡਿੰਗ ਅਪਣੇ ਆਪ ਡਿਲੀਟ ਹੁੰਦੀ ਰਹੇਗੀ। ਕੈਮਰਿਆਂ ਵਿਚ ਪੈਨ ਡਰਾਇਵ ਰਾਹੀਂ ਫੁਟੇਜ਼ ਕੈਦ ਹੁੰਦੀ ਹੈ। ਪੁਲਿਸ ਨੂੰ ਜਦ ਜਰੂਰਤ ਪਵੇਗੀ ਤਾਂ ਪੈਨ ਡਰਾਇਵ ਵਿਚ ਕੈਦ ਫੁਟੇਜ ਕੱਢਵਾ ਕੇ ਜਾਂਚ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਹਮੇਸ਼ਾਂ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਸੰਭਵ ਨਹੀ ਹੈ।
ਜਿਸ ਕਰਕੇ ਇਹ ਕੈਮਰੇ 24 ਘੰਟੇ ਹਰੇਕ ਗਤੀਵਿਦੀ ਤੇ ਨਜ਼ਰ ਰੱਖਣਗੇ। ਉਨ੍ਹਾ ਦੱਸਿਆ ਕਿ ਸਾਂਸਦ ਫੰਡ ਤੋਂ 10 ਲੱਖ ਰੁਪਏ ਇਨ੍ਹਾ ਕੈਮਰਿਆਂ ਲਈ ਆਏ ਹਨ। ਡੀਐਸਪੀ ਨੇ ਦੱਸਿਆ ਕਿ ਟੈਂਡਰ ਜਾਰੀ ਕਰ ਦਿਤਾ ਗਿਆ ਹੈ ਅਤੇ ਛੇਤੀ ਹੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾ ਦੱਸਿਆ ਕਿ ਪੁਰੇ ਸ਼ਹਿਰ ਵਿਚ ਇਸ ਸਮੇਂ 14 ਹਜਾਰ ਦੇ ਕਰੀਬ ਕੈਮਰੇ ਲਗਾਏ ਜਾ ਚੁੱਕੇ ਹਨ ਅਤੇ ਹੁਣ ਉਨ੍ਹਾ ਥਾਵਾਂ ਤੇ ਕੈਮਰੇ ਲਗਾਏ ਜਾਣਗੇ ਜਿਥੇ ਹਾਲੇ ਤਕ ਨਹੀ ਲੱਗੇ ਹਨ। ਮਾਰਕੀਟ, ਰਿਹਾਇਸ਼ੀ ਇਲਾਕਿਆਂ ਤੋਂ ਬਾਅਦ ਹੁਣ ਕਲੋਨੀਆਂ ਵਿਚ ਵੀ ਕੈਮਰੇ ਲਗਾਏ ਜਾਣਗੇ। ਤਾਂਕਿ ਵਾਰਦਾਤ ਕਰਕੇ ਫਰਾਰ ਹੋਣ ਵਾਲੇ ਮੁਲਜ਼ਮਾ ਦੀ ਪਛਾਣ ਹੋ ਸਕੇ ਅਤੇ ਸ਼ਹਿਰ ਦੀ ਕਾਨੂੰਨ ਵਿਵਸਥਾ ਬਣਾ ਰੱਖਣ ਲਈ ਇਹ ਕੈਮਰੇ ਲਾਹੇਵੰਦ ਸਾਬਤ ਹੋ ਸਕਣ। ਉਨ੍ਹਾ ਕਿਹਾ ਕਿ ਲੋਕਾਂ ਵਲੋਂ ਅਪਣੀ ਰਿਹਾਇਸ਼ ਅਤੇ ਵਪਾਰਕ ਥਾਵਾਂ ਤੇ ਬਾਹਰ ਸੀ ਸੀ ਟੀ ਵੀ ਕੈਮਰੇ ਲਗਾਏ ਜਾ ਰਹੇ ਹਨ। ਜੋਕਿ ਕਾਫ਼ੀ ਸਲਾਘਾ ਦਾ ਕੰਮ ਹੈ। ਪਰ ਉਨ੍ਹਾ ਦੱਸਿਆ ਕਿ ਕਈਂ ਵਾਰ ਵੇਖਣ ਵਿਚ ਆਇਆ ਹੈ ਕਿ ਜਿਸ ਥਾਂ ਤੇ ਘਟਨਾ ਵਾਪਰੀ ਹੁੰਦੀ ਹੈ। ਉਥੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਕੈਮਰੇ ਕੰਮ ਨਹੀ ਕਰ ਰਹੇ ਹੁੰਦੇ ਜਾਂ ਫ਼ਿਰ ਚੰਗੀ ਕਿਸਮ ਦੇ ਕੈਮਰੇ ਨਹੀ ਹੁੰਦੇ ਹਨ। ਜਿਸ ਵਿਚ ਮੁਲਜ਼ਮਾਂ ਦੀ ਪਛਾਣ ਅਤੇ ਅਪਰਾਧ ਵੀ ਪੁਰੀ ਤਰਾਂ ਨਾਲ ਵਿਖਾਈ ਨਹੀ ਦਿੰਦਾ। ਉਨ੍ਹਾ ਕਿਹਾ ਕਿ ਲੋਕਾਂ ਨੂੰ ਵਧੀਆ ਕਿਸਮ ਦੇ ਕੈਮਰੇ ਲਗਾਉਣੇ ਚਾਹੀਦੇ ਹਨ ਤਾਂਕਿ ਅਪਰਾਧੀਆਂ ਨੂੰ ਫੜਣ ਵਿਚ ਅਸਾਨੀ ਹੋ ਸਕੇ।