ਚੰਡੀਗੜ੍ਹ, 20 ਫ਼ਰਵਰੀ (ਸਰਬਜੀਤ ਢਿੱਲੋਂ) : ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਲਈ ਸਵਾਦਿਸ਼ਟ ਖਾਣਿਆਂ ਨਾਲ ਨਿੱਘਾ ਸਵਾਗਤ ਕਰਨ ਵਾਲਾ ਪ੍ਰਸਿੱਧ ਅਦਾਰਾ 'ਸਿਟਕੋ' ਅਪਣੀ ਸਾਲਾਨਾ ਵਰ੍ਹੇਗੰਢ, ਜੋ 20 ਮਾਰਚ ਨੂੰ ਹੈ, ਮੌਕੇ ਗਾਹਕਾਂ ਨੂੰ ਵੱਧ ਤੋਂ ਵੱਧ ਅਕਰਸ਼ਿਤ ਕਨ ਤੇ ਖਿੱਚਣ ਲਈ ਕਈ ਤਰ੍ਹਾਂ ਦੇ ਸਸਤੇ ਫ਼ੂਡ ਪੈਕੇਜ, ਰਿਹਾਇਸ਼ੀ ਤੌਰ 'ਤੇ ਠਹਿਰਾਨ ਲਈ ਸਹੂਲਤਾਂ ਪ੍ਰਦਾਨ ਕਰਨ ਜਾ ਰਿਹਾ ਹੈ। ਇਸ ਸੰਸਥਾ ਵਲੋਂ ਚੰਡੀਗੜ੍ਹ ਵਿਚ ਮਾਊਂਟਵਿਊ ਸੈਕਟਰ-10, ਸ਼ਿਵਾਲਿਕਵਿਊ ਸੈਕਟਰ-17, ਅਤੇ ਹੋਟਲ ਪਾਰਕਵਿਊ ਸੈਕਟਰ-24 ਵਰਗੇ ਪ੍ਰਸਿੱਧ ਹੋਟਲ ਚਲਾਏ ਜਾ ਰਹੇ ਹਨ। ਇਨ੍ਹਾਂ ਹੋਟਲਾਂ ਵਿਚ ਦੇਸ਼ੀ ਤੇ ਵਿਦੇਸ਼ੀ ਸੈਲਾਨੀਆਂ ਵਲੋਂ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸਵਾਦਿਸ਼ਟ ਤੇ ਹੋਰ ਭਾਂਤ-ਭਾਂਤ ਦੇ ਖਾਣਿਆਂ ਦਾ ਵਾਜਬ ਰੇਟਾਂ 'ਤੇ ਖੂਬ ਆਨੰਦ ਮਾਣਿਆ ਜਾਂਦਾ ਹੈ। ਸੂਤਰਾਂ ਅਨੁਸਾਰ ਸਿਟਕੋ ਵਲੋਂ ਚੰਡੀਗੜ੍ਹ ਸ਼ਹਿਰ ਵਿਚ ਸੁਖਨਾ ਝੀਲ, ਕਲਾ ਗਰਾਮ ਮਨੀਮਾਜਰਾ ਤੇ ਸੈਕਟਰ-34 ਵਿਚ ਵੀ ਰੈਸਤੋਰਾਂ, ਬੀਅਰ ਬਾਰਾਂ ਚਲਾਏ ਜਾਂਦੇ ਰਹੇ ਹਨ ਜਿਹੜੇ ਸ਼ਹਿਰ ਵਾਸੀਆਂ ਤੇ ਚੰਡੀਗੜ੍ਹ ਸੈਰ-ਸਪਾਟਾ ਕਰਨ ਆਉਂਦੇ ਲੋਕਾਂ ਲਈ ਅਤੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਣ ਰਹੇ ਹਨ। ਸਿਟਕੋ ਦੇ ਇਨ੍ਹਾਂ ਹੋਟਲਾਂ ਨੇ ਹਰ ਵਿੱਤੀ ਵਰ੍ਹੇ 'ਚ ਚੰਗਾ ਮੁਨਾਫ਼ਾ ਵੀ ਕਾਮਇਆ ਹੈ।