ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਤਿਸ਼ਬਾਜ਼ੀ ਹੋਵੇਗੀ ਜਾਂ ਨਹੀਂ ?

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ ਤੋਂ ਬਾਅਦ ਹਰ ਸਾਲ ਆਉਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਲੋਕਾਂ ਵਲੋਂ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਪਰ ਇਸ ਵਾਰ ਸ਼ਾਇਦ ਲੋਕਾਂ ਦੀ ਇਹ ਇੱਛਾ ਅਧੂਰੀ ਰਹਿ ਜਾਵੇ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਾਰੀ ਪ੍ਰਦਸ਼ੂਣ ਦੇ ਚਲਦਿਆਂ ਦੀਵਾਲੀ 'ਤੇ ਵੀ ਸਿਰਫ 3 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। 

ਇਸ ਲਈ ਹੋ ਸਕਦਾ ਹੈ ਕਿ ਗੁਰਪੁਰਬ 'ਤੇ ਵੀ ਹਾਈਕੋਰਟ ਵਲੋਂ ਆਤਿਸ਼ਬਾਜ਼ੀ ਨਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਜਾਵੇ। ਦੱਸ ਦਈਏ ਕਿ ਇਸ ਸਬੰਧੀ ਇਕ ਨਵੰਬਰ ਨੂੰ ਹਾਈਕੋਰਟ 'ਚ ਸੁਣਵਾਈ ਹੋਣੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਹਾਈਕੋਰਟ ਗੁਰਪੁਰਬ 'ਤੇ ਆਤਿਸ਼ਬਾਜ਼ੀ ਕਰਨ ਦੀ ਇਜਾਜ਼ਤ ਦਿੰਦੀ ਹੈ ਜਾਂ ਨਹੀਂ। 

ਹਾਈਕੋਰਟ ਦਾ ਕਹਿਣਾ ਹੈ ਕਿ ਦੀਵਾਲੀ 'ਤੇ ਪਟਾਕਿਆਂ ਨਾਲ ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਿ ਲੋਕ 10 ਵਜੇ ਤੋਂ ਬਾਅਦ ਘਰ ਤੋਂ ਬਾਹਰ ਸਾਹ ਨਹੀਂ ਲੈ ਸਕਣਗੇ। 

ਇਸ ਲਈ ਇਸ ਵਾਰ ਹਾਈਕੋਰਟ ਵਲੋਂ ਪਟਾਕੇ ਚਲਾਉਣ ਲਈ ਸਿਰਫ ਕੁੱਝ ਘੰਟਿਆਂ ਦਾ ਸਮਾਂ ਦਿੱਤਾ ਗਿਆ, ਇਸ ਦੇ ਨਾਲ ਹੀ ਹਾਈਕੋਰਟ ਨੇ ਪਟਾਕਾ ਵਿਕਰੇਤਾਵਾਂ ਨੂੰ ਲਾਈਸੈਂਸ ਵੀ ਬੜੀ ਥੋੜ੍ਹੀ ਗਿਣਤੀ 'ਚ ਦਿੱਤੇ।