ਸੁਖਨਾ ਝੀਲ 'ਤੇ ਵਧਾਈਆਂ ਤੇ ਸੁਧਾਰੀਆਂ ਜਾ ਰਹੀਆਂ ਹਨ ਬੁਨਿਆਦੀ ਸਹੂਲਤਾਂ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ, 28 ਨਵੰਬਰ (ਨੀਲ ਭਲਿੰਦਰ ਸਿੰਘ) : ਹਾਈ ਕੋਰਟ ਵਲੋਂ ਸੁਖਨਾ ਝੀਲ 'ਤੇ ਬੁਨਿਆਦੀ ਸਹੂਲਤਾਂ ਦੀ ਕਮੀ ਨੂੰ ਲੈ ਵਿਖਾਈ ਸਖ਼ਤੀ ਰੰਗ ਲਿਆ ਰਹੀ ਹੈ। ਯੂਟੀ ਪ੍ਰਸ਼ਾਸਨ ਨੇ ਅੱਜ ਹਾਈ ਕੋਰਟ 'ਚ ਭਰੋਸਾ ਦਿਤਾ ਹੈ ਕਿ ਸੁਖਨਾ ਝੀਲ 'ਤੇ ਬੁਨਿਆਦੀ ਸਹੂਲਤਾਂ  ਵਧਾਈਆਂ ਤੇ ਸੁਧਾਰੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਅਤੇ ਹੋਰਨਾਂ ਜਵਾਬਦੇਹ ਧਿਰਾਂ ਨੇ ਦਾਅਵਾ ਕੀਤਾ ਹੈ ਕਿ ਸੁਖਨਾ ਝੀਲ 'ਤੇ ਮੌਜੂਦ ਦੋ ਜਨਤਕ ਪਖਾਨਿਆਂ ਨੂੰ ਨਵਿਆਇਆ ਜਾ ਰਿਹਾ ਹੈ। ਇਸ 

ਬਾਰੇ ਟੈਂਡਰ ਆ ਚੁਕੇ ਹਨ ਅਤੇ ਜਲਦ ਦੀ ਅਲਾਟ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਝੀਲ 'ਤੇ ਦੋ ਵਾਟਰ ਕੂਲਰ ਵੀ ਲਗਾਉਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੁਖ਼ਨਾ ਝੀਲ 'ਤੇ ਪਾਣੀ ਦੀਆਂ ਟੂਟੀਆਂ ਬੰਦ ਅਤੇ ਪਖਾਨਿਆਂ ਦੀ ਖ਼ਸਤਾ ਹਾਲਤ ਦਾ ਮਾਮਲਾ ਅਦਾਲਤ ਦੇ ਧਿਆਨ 'ਚ ਆਇਆ ਸੀ। ਬੈਂਚ ਨੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਹਾਲਤ ਸੁਧਾਰਨ ਅਤੇ ਹੋਰ ਸਹੂਲਤਾਂ ਵਧਾਉਣ ਦੀ ਹਦਾਇਤ ਕੀਤੀ ਸੀ। ਹਾਈ ਕੋਰਟ ਇਸ ਤੋਂ ਪਹਿਲਾਂ ਸੁਖਨਾ 'ਚ ਪਾਣੀ ਦਾ ਪੱਧਰ ਬਰਕਰਾਰ ਰੱਖਣ 'ਤੇ ਝੀਲ ਦੀ ਕੁਦਰਤੀ ਦਿੱਖ ਕਾਇਮ ਰੱਖਣ ਲਈ ਕਦਮ ਚੁੱਕਣ ਦੀ ਵੀ ਹਦਾਇਤ ਕੀਤੀ ਹੋਈ ਹੈ।