ਟਰਾਈਸਿਟੀ 'ਚ ਤੇਜ਼ੀ ਨਾਲ ਵਧ ਰਿਹੈ ਮੈਡੀਕਲ ਨਸ਼ਾ

ਚੰਡੀਗੜ੍ਹ

ਚੰਡੀਗੜ੍ਹ, 14 ਨਵੰਬਰ (ਤਰੁਣ ਭਜਨੀ): ਸ਼ਹਿਰ ਵਿਚ ਅਫ਼ੀਮ, ਹੈਰੋਇਨ, ਗਾਂਜਾ ਅਤੇ ਚਰਸ ਤੋਂ ਇਲਾਵਾ ਮੈਡੀਕਲ ਨਸ਼ਾ ਤੇਜ਼ੀ ਨਾਲ ਵਧ ਰਿਹਾ ਹੈ। ਨਾਰਕੋਟਿਕਸ ਕੰਟਰੋਲ ਬਿਉਰੋ (ਐਨ.ਸੀ.ਬੀ.) ਅਤੇ ਚੰਡੀਗੜ੍ਹ ਪੁਲਿਸ ਨੇ ਬੀਤੇ ਕੁੱਝ ਸਮੇਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪਬੰਦੀਸ਼ੁਦਾ ਨਸ਼ੇ ਦੇ ਟੀਕੇ ਅਤੇ ਦਵਾਈਆਂ ਨਾਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨ.ਸੀ.ਬੀ. ਤੋਂ ਮਿਲੇ ਅੰਕੜਿਆ ਮੁਤਾਬਕ 23 ਅਕਤੂਬਰ ਤਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ 67 ਮਾਮਲੇ ਦਰਜ ਕੀਤੇ ਗਏ ਹਨ ਅਤੇ 39 ਲੋਕਾਂ ਨੂੰ ਇਨ੍ਹਾਂ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਸਾਲ 2016 ਵਿਚ 57 ਮਾਮਲੇ ਦਰਜ ਕੀਤੇ ਗਏ ਅਤੇ 58 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਨ.ਸੀ.ਬੀ. ਨੇ ਸਾਲ 2015 ਵਿਚ 40 ਮਾਮਲੇ ਦਰਜ ਕਰ ਕੇ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਚੰਡੀਗੜ੍ਹ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਖੇਤਰੀ ਡਰਾਇਰੈਕਟਰ ਕੁਸਤੁਭ ਸ਼ਰਮਾ ਨੇ ਦਸਿਆ ਕਿ ਟਰਾਈਸਿਟੀ ਵਿਚ ਜ਼ਿਆਦਾ ਨਸ਼ਾ ਹਿਮਾਚਲ ਪ੍ਰਦੇਸ਼ ਤੋਂ ਸਪਲਾਈ ਕੀਤਾ ਜਾਂਦਾ ਹੈ। ਐਨ.ਸੀ.ਬੀ. ਨੇ ਹਿਮਾਚਲ ਪ੍ਰਦੇਸ਼ ਵਿਚ ਵੀ ਕਈ ਥਾਵਾਂ 'ਤੇ ਛਾਪਾ ਮਾਰ ਕੇ ਤਸਕਰਾਂ ਨੂੰ ਕਾਬੂ ਕੀਤਾ ਹੈ ਜੋ ਸ਼ਹਿਰ ਵਿਚ ਨਸ਼ਾ ਸਪਲਾਈ ਕਰਦੇ ਸਨ। ਐਨ.ਸੀ.ਬੀ. ਨੇ ਇਸ ਸਾਲ 31.010 ਕਿਲੋ ਚਰਸ, 122.274 ਕਿਲੋ ਹੈਰੋਈਨ ਅਤੇ 48.837 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਪਿਛਲੇ ਸੱਤ ਸਾਲਾਂ ਦੌਰਾਨ ਐਨ.ਸੀ.ਬੀ. 305 ਮਾਮਲੇ ਦਰਜ ਕਰ ਚੁਕੀ ਹੈ ਅਤੇ 219 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ। ਐਨ.ਸੀ.ਬੀ. ਦੇ ਖੇਤਰੀ ਡਾਇਰੈਕਟਰ ਕੁਸਤੁਭ ਸ਼ਰਮਾ ਨੇ ਦਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਹੈਰੋਇਨ ਦੀ ਬਰਾਮਦਗੀ ਘੱਟ ਹੋਈ ਜਦਕਿ ਮੈਡੀਕਲ ਨਸ਼ਾ ਜਿਸ ਵਿਚ ਪਾਬੰਦੀਸ਼ੁਦਾ ਟੀਕੇ ਆਦਿ ਦੀ ਗਿਣਤੀ ਵਧੀ ਹੈ। ਕੁਸਤੁਭ ਸ਼ਰਮਾ ਨੇ ਦਸਿਆ ਕਿ ਅਸੀਂ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ 'ਤੇ ਨਜ਼ਰ ਰੱਖਦੇ ਹਨ ਅਤੇ ਜਿਵੇਂ ਹੀ ਕੋਈ ਸੂਚਨਾ ਮਿਲਦੀ ਹੈ। ਅਪਰਾਧੀਆਂ ਨੂੰ ਕਾਬੂ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਟਰਈਸਿਟੀ ਵਿਚ ਐਨ.ਡੀ.ਪੀ.ਐਸ. ਦੇ ਵਧ ਰਹੇ ਮਾਮਲਿਆਂ ਤੋਂ ਸਾਫ਼ ਹੈ ਕਿ ਇਥੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ ਜਿਸ ਵਿਚ ਲੜਕੀਆਂ ਵੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਵਿਭਾਗ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਘੱਟ ਨਫ਼ਰੀ ਹੋਣ ਦੇ ਬਾਵਜੂਦ ਤਸਕਰਾਂ 'ਤੇ ਕਾਬੂ ਪਾਇਆ ਜਾ ਰਿਹਾ ਹੈ।

ਸ਼ਰਮਾ ਨੇ ਦਸਿਆ ਕਿ ਹਾਲ ਹੀ ਵਿਚ ਟੀਮ ਨੇ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ ਕੀਤੀ ਸੀ ਜਿਥੇ ਮੈਰੀਜੁਨਾ ਅਤੇ ਕੈਨਿਬੀਜ਼ ਨਾਂ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਦੀ ਸਪਲਾਈ ਸਰਦੀਆਂ ਵਿਚ ਗੋਆ ਆਦਿ ਵਿਚ ਹੁੰਦੀ ਸੀ। ਉਨ੍ਹਾਂ ਦਸਿਆ ਕਿ ਸਖ਼ਤੀ ਕਾਰਨ ਤਸਕਰ ਹੁਣ ਮੋਬਾਈਲ 'ਤੇ ਬਹੁਤੀ ਗੱਲਬਾਤ ਨਹੀਂ ਕਰਦੇ ਹਨ।
ਪਿਛਲੇ ਛੇ ਮਹੀਨਿਆਂ ਵਿਚ ਪੁਲਿਸ ਨੇ ਪਾਬੰਦੀਸ਼ੁਦਾ ਨਸ਼ੇ ਦੇ 3450 ਟੀਕੇ ਬਰਾਮਦ ਕੀਤੇ ਹਨ। ਪੁਲਿਸ ਨੇ 122 ਕਿਲੋ ਹੈਰੋਇਨ, 68.562 ਕਿਲੋ ਗਾਂਜਾ ਅਤੇ ਹੋਰ ਡਰੱਗਸ ਸਣੇ 200 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ 17 ਔਰਤਾਂ ਅਤੇ ਤਿੰਨ ਨਾਈਜੀਰੀਅਨ ਨਾਗਰਿਕ ਸ਼ਾਮਲ ਹਨ। ਚੰਡੀਗੜ੍ਹ•ਪੁਲਿਸ ਨੇ ਹਾਈ ਕੋਰਟ ਵਿਚ ਪੇਸ਼ ਕੀਤੀ ਰੀਪੋਰਟ ਵਿਚ ਦਸਿਆ ਸੀ ਕਿ ਚੰਡੀਗੜ੍ਹ•ਵਿਚ ਬਹੁਤਾ ਨਸ਼ਾ ਟਰਾਈਸਿਟੀ ਨੇੜੇ ਦੀਆਂ ਕਾਲੋਨੀਆਂ ਅਤੇ ਸਲੱਮ ਖਤੇਰ ਤੋਂ ਆਉਂਦਾ ਹੈ। ਹਾਈ ਕੋਰਟ ਨੇ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੇ ਸਰੋਤ ਬਾਰੇ ਪੁਛਿਆ ਸੀ ਜਿਸ ਦੇ ਜਵਾਬ ਵਿਚ ਪੁਲਿਸ ਨੇ ਕਿਹਾ ਸੀ ਕਿ ਮੈਡੀਕਲ ਨਸ਼ਾ ਹਿਮਾਚਲ ਪ੍ਰਦੇਸ਼, ਉਤਰਾਖੰਤ, ਹਰਿਆਣਾ ਅਤੇ ਪੰਜਾਬ ਵਿਚ ਬਣਾਇਆ ਜਾਂਦਾ ਹੈ। ਹਾਲਾਂਕਿ ਇਨ੍ਹਾਂ ਟਿਕਿਆਂ ਦੀ ਵਿਕਰੀ ਬਿਨਾ ਡਾਕਟਰ ਦੀ ਸਲਾਹ ਤੋਂ ਨਹੀਂ ਕੀਤੀ ਜਾ ਸਕਦੀ ਪਰ ਮੈਡੀਕਲ ਨਸ਼ਾ ਸਸਤਾ ਅਤੇ ਸੌਖਾਲਾ ਉਪਲਬਧ ਹੋਣ ਕਾਰਨ ਲੋਕ ਇਸ ਨੂੰ ਕਰ ਰਹੇ ਹਨ। ਟਰਾਈਸਿਟੀ 'ਚ ਤੇਜ਼ੀ ਨਾਲ ਵਧ ਰਿਹੈ ਮੈਡੀਕਲ ਨਸ਼ਾਇਸ ਤੋ ਇਲਾਵਾ ਪੁਲਿਸ ਨੇ 34 ਅਜਿਹੇ ਲੋਕਾਂ ਦੀ ਪਛਾਣ ਵੀ ਕੀਤੀ ਸੀ ਜੋ ਸ਼ਹਿਰ 'ਚ ਨਸ਼ਾ ਸਪਲਾਈ ਕਰਨ ਵਿਚ ਸਰਗਰਮ ਹਨ। ਪੁਲਿਸ ਨੇ ਉਨ੍ਹਾਂ ਥਾਵਾਂ ਦੀ ਵੀ ਪਛਾਣ ਕੀਤੀ ਜਿਥੇ ਸੱਭ ਤੋਂ ਵੱਧ ਨਸ਼ਾ ਵਿਕਦਾ ਹੈ। 30 ਜਨਵਰੀ ਨੂੰ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਅਪਣੀ ਰੀਪੋਰਟ ਵਿਚ ਦਸਿਆ ਕਿ ਸ਼ਹਿਰ 'ਚ ਜ਼ਿਆਦਾਤਰਮੈਡੀਕਲ ਨਸ਼ਾ ਧਨਾਸ, ਡੱਡੂਮਾਜਰਾ ਕਾਲੋਨੀ, ਸੈਕਟਰ-38 ਵੈਸਟ, ਸੈਕਟਰ-56, ਬਾਪੂਧਾਮ, ਮਨੀਮਾਜਰਾ ਟਾਊਨ ਅਤੇ ਮੌਲੀਜਾਗਰਾਂ ਵਿਚ ਵਿਕ ਰਿਹਾ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਜ਼ਿਆਦਾਤਰ ਲੋਕ ਹੀ ਨਸ਼ਾ ਤਸਕਰੀ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਧੰਦੇ ਵਿਚ ਔਰਤਾਂ ਵੀ ਪਿਛੇ ਨਹੀਂ ਹਨ। ਧਨਾਸ ਥਾਣਾ ਪੁਲਿਸ ਨੇ ਕਈ ਨਸ਼ੀਲੇ ਟੀਕੇ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ। ਜਿਨ੍ਹਾਂ ਤੋਂ ਵੱਡੀ ਮਾਤਰਾ ਵਿਚ ਬਿਊਪਰੋਨਫ਼ਿਨ ਇੰਜੈਕਸ਼ਨ ਬਰਾਮਦ ਕੀਤੇ ਸਨ। ਪੁਲਿਸ ਨੇ ਨਸ਼ਾ ਸਪਲਾਈ ਕਰਨ ਜਾ ਰਹੀਆਂ ਔਰਤਾਂ ਨੂੰ ਵੀ ਕਈ ਵਾਰ ਕਾਬੂ ਕੀਤਾ ਹੈ।