ਥਾਣਾ ਮੁਖੀ ਵਲੋਂ ਲੋਕਾਂ ਨਾਲ ਮਾੜਾ ਸਲੂਕ ਕਰਨ 'ਤੇ ਥਾਣੇ ਦਾ ਘਿਰਾਉ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 31 ਅਕਤੂਬਰ (ਤਰੁਣ ਭਜਨੀ): ਸਥਾਨਕ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਮਨੀਮਾਜਰਾ ਥਾਣਾ ਮੁਖੀ ਕਰਮਚੰਦ ਦਾ ਤਬਾਦਲਾ ਕੀਤਾ ਜਾਵੇ। ਥਾਣਾ ਮੁੱਖੀ ਨੂੰ ਪਬਲਿਕ ਡੀਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ। ਥਾਣਾ ਮੁਖੀ ਕਰਮਚੰਦ ਦੇ ਲੋਕਾਂ ਨਾਲ ਮਾੜੇ ਵਿਵਹਾਰ ਤੋਂ ਖ਼ਫ਼ਾ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਹਰਮੋਹਨ ਧਵਨ ਅਪਣੇ-ਆਪ ਮਨੀਮਾਜਰਾ ਥਾਣੇ ਵਿਚ ਪਹੁੰਚ ਗਏ। ਉਨ੍ਹਾਂ ਥਾਣਾ ਮੁਖੀ ਨੂੰ ਕਿਹਾ ਕਿ 40 ਸਾਲ ਵਿਚ ਪਹਿਲਾ ਅਜਿਹਾ ਥਾਣਾ ਮੁਖੀ ਵੇਖਿਆ ਹੈ ਜੋ ਪਬਲਿਕ ਡੀਲਿੰਗ ਨਹੀਂ ਜਾਣਦਾ ਹੈ। ਉਸ ਨੂੰ ਜਨਤਾ ਨਾਲ ਗੱਲਬਾਤ ਕਰਨ ਬਾਰੇ ਪਤਾ ਨਹੀਂ ਹੈ।
ਭਾਜਪਾ ਨੇਤਾ ਹਰਮੋਹਨ ਧਵਨ ਦੇ ਪਹੁੰਚਦੇ ਹੀ ਲੋਕ ਥਾਣੇ ਦੇ ਅੰਦਰ ਸੜਕ 'ਤੇ ਬੈਠ ਗਏ ਅਤੇ ਥਾਣਾ ਮੁਖੀ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਹਰਮੋਹਨ ਧਵਨ ਨੇ ਕਿਹਾ ਕਿ ਪੁਲਿਸ ਵਿਭਾਗ ਨੇ ਐਸ.ਐਚ.ਓ. ਦੀ ਸੀਟ ਤੇ ਜਨਤਾ ਦੀਆਂ ਸਮੱਸਿਆਵਾਂ ਸੁਣਨ ਲਈ ਬਿਠਾਇਆ ਹੈ। ਮਾਮਲਾ ਵਿਗੜਦਾ ਵੇਖ ਮੌਲੀਜਾਗਰਾਂ ਥਾਣਾ ਮੁੱਖੀ ਬਲਦੇਵ ਕੁਮਾਰ ਮੌਕੇ ਤੇ ਪੁੱਜੇ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਭਾਜਪਾ ਨੇਤਾ ਹਰਮੋਹਨ ਧਵਨ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਭਾਜਪਾ ਨੇਤਾ ਹਰਮੋਹਨ ਧਵਨ ਨੇ ਕਿਹਾ ਕਿ ਪੀਪਲੀ ਵਾਲਾ ਟਾਊਨ ਵਿਚ ਚਾਰ ਦਿਨ ਪਹਿਲਾਂ ਦੋ ਧਿਰਾਂ ਦੇ ਵਿਚਕਾਰ ਹੋਈ ਮਾਰ ਕੁੱਟ ਵਿਚ ਪਹਿਲਾਂ ਤਾਂ ਥਾਣਾ ਮੁੱਖੀ ਨੇ ਮਾਮਲਾ ਦਰਜ ਨਹੀਂ ਕੀਤਾ। ਜਦੋਂ ਲੋਕ ਮਾਮਲਾ ਦਰਜ ਕਰਨ ਥਾਣੇ ਆਏ ਤਾਂ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਗਿਆ। ਇਸ 'ਤੇ ਮੌਲੀਜਾਗਰਾਂ ਥਾਣਾ ਮਖੀ ਬਲਦੇਵ ਕੁਮਾਰ ਨੇ ਕਿਹਾ ਕਿ ਛੇਤੀ ਤੋਂ ਛੇਤੀ ਮਾਮਲੇ ਵਿਚ ਗ੍ਰਿਫ਼ਤਾਰੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਵੇਗੀ। ਹਰਮੋਹਨ ਧਵਨ ਨਾਲ ਰਾਜੇਸ਼ ਪਹਿਲਵਾਨ , ਮੁਰਾਰੀਲਾਲ , ਰਾਕੇਸ਼ ਵਰਮਾ ਅਤੇ ਬਲਜੀਤ ਸਮੇਤ ਹੋਰ ਲੋਕ ਮੌਜੂਦ ਸਨ।