ਤਿਉਹਾਰਾਂ ਨੂੰ ਪਈ ਮੰਦੀ ਦੀ ਮਾਰ

ਚੰਡੀਗੜ੍ਹ

ਚੰਡੀਗੜ੍ਹ, 18 ਅਕਤੂਬਰ (ਸਰਬਜੀਤ ਸਿੰਘ ਢਿੱਲੋਂ) : ਪੁਰਾਤਨ ਅਤੇ ਰਿਵਾਇਤੀ ਤਿਉਹਾਰ ਦੀਵਾਲੀ ਦੇ ਨਾਂ 'ਤੇ ਬਾਜ਼ਾਰਾਂ ਵਿਚ ਸ਼ਹਿਰ ਵਾਸੀਆਂ ਵਲੋਂ ਖ਼ਰੀਦੋ ਫ਼ਰੋਖ਼ਤ ਕਰਨ ਲਈ ਭਾਰੀ ਭੀੜਾਂ ਜੁਟ ਰਹੀਆਂ ਹਨ। ਲੋਕ ਇਕ ਦੂਜੇ ਨੂੰ ਗਿਫ਼ਟ ਦੇਣ ਅਤੇ ਅਪਣੇ ਘਰਾਂ ਨੂੰ ਸਜਾਉਣ ਲਈ ਪਟਾਕੇ, ਕਪੜੇ, ਸੋਨਾ, ਚਾਂਦੀ ਤੇ ਕਾਰਾਂ-ਮੋਟਰਾਂ ਆਦਿ ਹੋਰ ਸਮਾਨ ਖ਼ਰੀਦਣ ਲਈ ਭੱਜ-ਦੌੜ ਕਰਦੇ ਵੇਖੇ ਗਏ। ਪਰ ਕੇਂਦਰ ਵਲੋਂ ਲਾਏ ਜੀ.ਐਸ.ਟੀ. ਟੈਕਸਾਂ ਕਾਰਨ ਤੇ ਮਹਿੰਗਾਈ ਦੀ ਮਾਰ ਦਾ ਪ੍ਰਛਾਵਾਂ ਗਾਹਕਾਂ 'ਤੇ ਪੈ ਰਿਹਾ ਹੈ। ਇਸ ਦੀਵਾਲੀ ਨੂੰ ਚੰਡੀਗੜ੍ਹ ਦੇ ਵਪਾਰੀਆਂ ਵਲੋਂ ਰਲਵਾਂ-ਮਿਲਵਾਂ ਹੁੰਗਾਰਾ ਭਰਿਆ ਜਾ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਚ ਇਸ ਵਾਰ ਪਹਿਲਾਂ ਨਾਲੋਂ 30 ਫ਼ੀ ਸਦੀ ਦੇ ਕਰੀਬ ਘੱਟ ਵਿਕਰੀ ਹੋਈ, ਜਿਸ ਦਾ ਮੁੱਖ ਕਾਰਨ ਲੋਕਾਂ ਵਲੋਂ ਸੀਮਤ ਬਜਟ ਹੋਣਾ ਹੈ ਕਿਉਂਕਿ ਜੀ.ਐਸ.ਟੀ. ਦੀ ਮਾਰ ਵੀ ਸਹਿਣੀ ਪਈ ਹੈ।
ਚੰਡੀਗੜ੍ਹ ਬਿਜਨਸ ਕੌਂਸਲ ਦੇ ਪ੍ਰਧਾਨ ਨੀਰਜ ਬਜਾਜ ਜਿਹੜੇ ਸਿੰਧੀ ਸਵੀਟ ਦੇ ਮਾਲਕ ਵੀ ਹਨ, ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿਚ ਇਸ ਵਾਰ ਪਹਿਲਾਂ ਨਾਲੋਂ ਮਠਿਆਈਆਂ ਦਾ ਕਾਰੋਬਾਰ ਵੀ ਠੰਢਾ ਹੀ ਰਹਿਣ ਦੀ ਉਮੀਦ ਹੈ ਕਿਉਂਕਿ ਸ਼ੁਧ ਮਠਿਆਈਆਂ ਬਣਾਉਣ ਲਈ ਦੁਧ ਅਤੇ ਘਿਉ-ਤੇਲ ਦੀਆਂ ਲਾਗਤਾਂ 'ਤੇ ਜੀ.ਐਸ.ਟੀ. ਤੇ ਹੋਰ ਟੈਕਸਾਂ ਦਾ ਭਾਰ ਪਿਆ ਹੈ। ਦੂਜਾ ਸਿਹਤ ਪੱਖੋਂ ਵੀ ਲੋਕ ਹੁਣ ਜ਼ਿਆਦਾ ਚੇਤੰਨ ਹੋ ਗਏ ਹਨ।