ਚੰਡੀਗੜ੍ਹ : ਪੰਜਾਬ ਸਮੇਤ ਉਤਰੀ ਭਾਰਤ ਦੇ ਕਈ ਇਲਾਕਿਆਂ 'ਚ ਇਸ ਸਮੇਂ ਤਾਪਮਾਨ 32 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਅਤੇ ਵਧਦੀ ਹੋਈ ਗਰਮੀ ਨੇ ਕਿਸਾਨਾਂ ਦੇ ਚਿਹਰਿਆਂ ਦਾ ਰੰਗ ਉਡਾ ਛਡਿਆ ਹੈ ਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਪੱਕਣ ਦੀ ਤਿਆਰੀ 'ਚ ਹੈ। ਪੰਜਾਬ 'ਚ ਇਸ ਸਮੇਂ ਕਣਕ ਦੇ ਦਾਣੇ ਤਰਲ ਅਵਸਥਾ 'ਚ ਹਨ ਅਤੇ ਉਨ੍ਹਾਂ ਨੂੰ ਸਹੀ ਦਾਣੇ ਬਣਨ 'ਚ ਕੁੱਝ ਦਿਨਾਂ ਦਾ ਹੋਰ ਸਮਾਂ ਲਗੇਗਾ ਪਰ ਤਾਪਮਾਨ ਵਧਣ ਕਾਰਨ ਕਣਕ ਦੀ ਪੈਦਾਵਾਰ 'ਤੇ ਬੁਰਾ ਅਸਰ ਪੈ ਸਕਦਾ ਹੈ।
ਖੇਤੀਬਾੜੀ ਵਿਭਾਗ ਦੇ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਦਾ ਵੀ ਮੰਨਣਾ ਹੈ ਕਿ ਇਸ ਸਮੇਂ ਮੀਂਹ ਬਹੁਤ ਜ਼ਰੂਰੀ ਹੈ ਕਿਉਂਕਿ ਅਜੇ ਦਾਣੇ ਬਣਨ ਦੀ ਪ੍ਰਕਿਰਿਆ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੇ ਰੰਗ ਅਤੇ ਰੂਪ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਸ ਵਾਰ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੋਵੇਗੀ ਪਰ ਹੁਣ ਅਚਾਨਕ ਗਰਮੀ ਦੇ ਵਧਣ ਕਾਰਨ ਖ਼ਤਰਾ ਵਧ ਗਿਆ ਹੈ।