ਚੰਡੀਗੜ੍ਹ, 3 ਮਾਰਚ (ਤਰੁਣ ਭਜਨੀ): ਸ਼ਹਿਰ ਵਿਚ ਬੀਤੇ ਦੋ ਦਿਨਾਂ ਦੌਰਾਨ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਸੈਕਟਰ-42 ਸਥਿਤ ਫ਼ੂਡ ਕਰਾਫ਼ਟ ਇੰਸਟੀਚਿਊਟ ਦੇ ਕੋਲ ਵਾਪਰੀ ਜਿਥੇ ਇਕ ਕਾਰ ਨੇ ਆਟੋ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਧਨਾਸ ਵਾਸੀ ਰਾਮ ਕਿਸ਼ੋਰ ਦੀ ਮੌਤ ਹੋ ਗਈ ਜਦਕਿ ਇਸ ਆਟੋ ਵਿਚ ਬੈਠੀਆਂ ਹੋਰ ਸਵਾਰੀਆਂ ਛੋਟੇ ਲਾਲ, ਧਰਿੰਦਰ ਪ੍ਰਤਾਪ ਅਤੇ ਆਟੋ ਚਾਲਕ ਫ਼ਿਰਤੂ ਨੂੰ ਗੰਭੀਰ ਸੱਟਾਂ ਲਗੀਆਂ। ਇਨ੍ਹਾਂ ਜ਼ਖ਼ਮੀਆਂ ਨੂੰ ਸੈਕਟਰ 16 ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੈਕਟਰ-36 ਪੁਲਿਸ ਥਾਣੇ ਵਿਚ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ। ਦੂਜੀ ਘਟਨਾ ਆਈਟੀਬੀਪੀ ਕੈਂਪਸ ਨੇੜੇ ਬਣੇ ਬੱਸ ਸਟਾਪ 'ਤੇ ਵਾਪਰੀ। ਇਥੇ ਇਕ ਅਣਪਛਾਤਾ ਵਾਹਨ ਚਾਲਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਜ਼ਖ਼ਮੀ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ ਧਨਬਹਾਦੁਰ ਦੇ ਰੂਪ ਵਿਚ ਹੋਈ ਹੈ।
ਪੁਲਿਸ ਨੇ ਰਾਹਗੀਰ ਅਤਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ।ਤੀਜੀ ਘਟਨਾ ਹੋਲੀ ਵਾਲੇ ਦਿਨ ਇੰਡਸਟਰੀਅਲ ਏਰੀਆ ਵਿਚ ਵਾਪਰੀ। ਇਥੇ ਇਕ 24 ਸਾਲਾ ਨੌਜਵਾਨ ਦਾ ਐਕਟਿਵਾ ਸਲਿਪ ਹੋ ਜਾਣ ਕਾਰਨ ਹੇਠਾਂ ਡਿੱਗ ਗਿਆ। ਮੌਕੇ 'ਤੇ ਪੁੱਜੀ ਪੁਲਿਸ ਨੇ ਉਸ ਨੂੰ ਸੈਕਟਰ 32 ਦੇ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੈਕਟਰ-29 ਦੇ ਰਹਿਣ ਵਾਲੇ ਸੂਰਜ ਦੇ ਰੂਪ ਵਿਚ ਹੋਈ ਹੈ। ਸੂਰਜ ਏਲਾਂਤੇ ਮਾਲ ਵਿਚ ਲਿਫ਼ਟ ਆਪਰੇਟਰ ਦਾ ਕੰਮ ਕਰਦਾ ਸੀ ਅਤੇ ਘਟਨਾ ਸਮੇਂ ਉਹ ਅਪਣੇ ਕੰਮ 'ਤੇ ਜਾ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।