ਵਾਲਮੀਕਿ ਮੰਦਰ ਦਾ ਕਬਜ਼ਾ ਮੁਕਤ ਕਰਵਾਇਆ

ਚੰਡੀਗੜ੍ਹ, ਚੰਡੀਗੜ੍ਹ



ਪਟਿਆਲਾ, 13 ਸਤੰਬਰ (ਜਗਤਾਰ ਸਿੰਘ): ਆਖ਼ਿਰ ਪਟਿਆਲਾ ਦੇ ਸਮੁੱਚੇ ਵਾਲਮੀਕਿ ਭਾਈਚਾਰੇ ਦੀ ਏਕਤਾ ਨੇ ਛੋਟੀ ਬਾਰਾਂਦਰੀ ਵਿਖੇ ਸਥਿਤ ਭਗਵਾਨ ਵਾਲਮੀਕਿ ਮੰਦਰ ਨੂੰ ਕਬਜ਼ਾ ਮੁਕਤ ਕਰਵਾ ਦਿਤਾ। ਅੱਜ ਸਵੇਰੇ ਐਸ.ਡੀ.ਐਮ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਹਿਸੀਲਦਾਰ ਪਟਿਆਲਾ ਸੁਭਾਸ਼ ਭਾਰਦਵਾਜ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਭਗਵਾਨ ਵਾਲਮੀਕਿ ਮੰਦਰ ਉੱਪਰ ਸੰਜੇ ਹੰਸ ਨਾਮਕ ਵਿਅਕਤੀ ਵਲੋਂ ਕੀਤੇ ਨਾਜਾਇਜ਼ ਕਬਜੇ ਨੂੰ ਹਟਵਾ ਦਿਤਾ।

ਜ਼ਿਲ੍ਹਾ ਪ੍ਰਸ਼ਾਸਨ ਨੇ ਭਗਵਾਨ ਵਾਲਮੀਕਿ ਮੰਦਰ ਅਤੇ ਕਬਜਾ ਧਾਰਕ ਵਲੋਂ ਇਕ ਕਮਰੇ ਉੱਪਰ ਕੀਤੇ ਨਾਜਾਇਜ਼ ਕਬਜੇ ਵਾਲੀ ਜਗਾ 'ਤੇ ਜਿੰਦਰੇ ਲਗਾ ਦਿਤੇ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਭਗਵਾਨ ਵਾਲਮੀਕਿ ਮੰਦਰ ਨੂੰ ਕਬਜਾਮੁਕਤ ਕਰਵਾ ਕੇ ਮੰਦਰ ਦਾ ਕਬਜਾ ਅਪਣੇ ਹੱਥ ਲੈ ਲਿਆ ਹੈ। ਸ਼ਹਿਰ ਦੇ ਵਾਲਮੀਕਿ ਭਾਈਚਾਰੇ ਵਲੋਂ ਆਉਣ ਵਾਲੇ ਦਿਨਾਂ ਵਿਚ ਇਸ ਸਰਬ ਸਾਂਝੇ ਧਾਰਮਕ ਅਸਥਾਨ ਨੂੰ ਚਲਾਉਣ ਲਈ ਇਕ ਪ੍ਰਬੰਧਕੀ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ ਰੇਖ ਵਿਚ ਬਣਾਈ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਲਾਹੌਰੀ ਗੇਟ ਮੁਹੱਲਾ ਪ੍ਰਧਾਨ ਵੀਰ ਜਤਿੰਦਰ ਪ੍ਰਿੰਸ, ਆਦਿ ਧਰਮ ਸਮਾਜ ਦੇ ਭਾਰਤ ਦੇ ਮਹਾਂਮੰਤਰੀ ਵੀਰ ਲਵਲੀ ਅਛੂਤ, ਵੀਰਾਂਗੀ ਨਿਰਮਲਾ ਦੇਵੀ, ਵੀਰਾਂਗੀ ਸ਼ਾਰਦਾ ਦੇਵੀ, ਰਾਜੇਸ਼ ਬੱਗਣ, ਜੀਵਨਦਾਸ ਗਿੱਲ ਨੇ ਦਸਿਆ ਕਿ ਕਬਜਾਧਾਰਕ ਸੰਜੇ ਹੰਸ ਨਾਮਕ ਵਿਅਕਤੀ ਨੇ ਮਾਨਯੋਗ ਅਦਾਲਤ ਵਿਚ ਇਸ ਅਸਥਾਨ ਵਾਲੀ ਜਗ੍ਹਾ ਨੂੰ ਅਪਣੀ ਨਿੱਜੀ ਜਾਇਦਾਦ ਦੱਸ ਕੇ ਅਦਾਲਤ ਪਾਸੋਂ ਸਟੇਅ ਹਾਸਲ ਕਰ ਲਈ ਸੀ। ਜਿਸ ਕਾਰਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਬਜਾ ਲੈਣ ਵਿਚ ਦਿੱਕਤ ਆਈ।

ਪਟਿਆਲਾ ਦੇ ਸਮੁੱਚੇ ਵਾਲਮੀਕਿ ਭਾਈਚਾਰੇ ਨੇ ਜਦੋਂ ਮਾਨਯੋਗ ਅਦਾਲਤ ਨੂੰ ਦਸਿਆ ਕਿ ਜਿਸ ਵਿਅਕਤੀ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਨੂੰ ਅਪਣੀ ਪ੍ਰਾਪਰਟੀ ਦਸਿਆ ਹੈ ਉਹ ਸਰਾਸਰ ਗ਼ਲਤ ਹੈ। ਅਦਾਲਤ ਨੂੰ ਗੁਮਰਾਹ ਕਰ ਕੇ ਗ਼ਲਤ ਫ਼ੈਸਲਾ ਕਰਵਾਉਣ ਤੋਂ ਬਾਅਦ ਵਾਲਮੀਕਿ ਭਾਈਚਾਰੇ ਦੇ ਵਕੀਲ ਸਤੀਸ਼ ਕਰਕਰਾ ਦੀਆਂ ਦਲੀਲਾਂ ਤੋਂ ਬਾਅਦ ਜੱਜ ਨਿਧੀ ਸ਼ੈਣੀ ਨੇ ਕਬਜਾਧਾਰਕ ਨੂੰ ਦਿਤੀ ਸਟੇਅ ਰੱਦ ਕਰ ਦਿਤੀ। ਜਿਸ ਤੋਂ ਬਾਅਦ ਪਟਿਆਲਾ ਦੇ ਸਮੁੱਚੇ ਵਾਲਮੀਕਿ ਭਾਈਚਾਰੇ ਨੇ ਐਸ.ਡੀ.ਐਮ ਪਟਿਆਲਾ ਨੂੰ ਮਿ ਕੇ ਸਟੇਅ ਆਰਡਰ ਰੱਦ ਹੋਣ ਦੇ ਆਰਡਰ ਦਿਤੇ। ਜਿਸ ਤੋਂ ਬਾਅਦ ਐਸ.ਡੀ.ਐਮ ਪਟਿਆਲਾ ਨੇ ਤਹਿਸੀਲਦਾਰ ਸੁਭਾਸ਼ ਭਾਰਦਵਾਜ ਨੂੰ ਸੋਮਵਾਰ ਮੰਦਰ ਦੇ ਆਲੇ ਦੁਆਲੇ ਦਫਾ 144 ਲਗਾਉਣ ਅਤੇ ਮੰਦਰ ਦਾ ਕਬਜਾ ਲੈਣ ਲਈ ਹੁਕਮ ਕੀਤੇ।

ਇਸ ਮੌਕੇ ਭਾਵਾਧਸ ਤੋਂ ਵੀਰ ਅਰੁਣ ਧਾਲੀਵਾਲ, ਪ੍ਰੇਮ ਖੋੜਾ, ਵਿਜੇ ਚੌਹਾਨ, ਰਾਜੇਸ਼ ਸੱਭਰਵਾਲ, ਰਾਜਿੰਦਰ ਮੱਟੂ, ਕੁਸ਼ਵਿੰਦਰ ਕਲਿਆਣ, ਮੋਹਨ ਲਾਲ ਅਟਵਾਲ, ਹੈਪੀ ਲੋਹਟ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਨੇ ਵਾਲਮੀਕਿ ਭਾਈਚਾਰੇ ਨਾਲ ਇਨਸਾਫ਼ ਕੀਤਾ ਹੈ ਜਿਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧਨਵਾਦ ਕਰਦੇ ਹਨ।

ਇਸ ਮੌਕੇ ਹੋਰਨਾ ਤੋਂ ਇਲਾਵਾ ਸੀਮਾ ਵੈਦ, ਆਸ਼ਾ ਰਾਣੀ, ਰਾਧਾ ਰਾਣੀ, ਸੁਰਿੰਦਰ ਕੌਰ, ਸੰਦੀਪ ਗੋਰਾ, ਰਾਜੀਵ ਗਾਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਲਮੀਕਿ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ।