ਵਪਾਰਕ ਜਾਇਦਾਦਾਂ 'ਤੇ 10 ਫ਼ੀ ਸਦੀ ਵਾਧੂ ਹਾਊਸ ਟੈਕਸ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 30 ਅਗੱਸਤ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਹੰਗਾਮੀ ਮੀਟਿੰਗ ਅੱਜ ਸਵੇਰੇ ਮੇਅਰ ਆਸ਼ਾ ਜੈਸਵਾਲ ਦੀ ਅਗਵਾਈ 'ਚ ਹੋਈ। ਮੀਟਿੰਗ 'ਚ ਨਗਰ ਨਿਗਮ ਵਲੋਂ 2004 ਤੋਂ 2017 ਤਕ ਆਡਿਟ ਰੀਪੋਰਟ 'ਚ ਵਪਾਰਕ ਤੇ ਸਨਅਤੀ ਜਾਇਦਾਦ ਟੈਕਸਾਂ 'ਚ 92 ਕਰੋੜ ਦਾ ਪਿਆ ਉਗਰਾਹੀ 'ਚ ਘਾਟਾ ਕਰਨ ਲਈ ਅਤੇ ਨਵੀਆਂ ਦਰਾਂ ਰਾਹੀਂ 50ਫ਼ੀ ਸਦੀ ਹੋਰ ਟੈਕਸ ਲਾਉਣ ਦਾ ਮਤਾ ਪੇਸ਼ ਕਰਦਿਆਂ ਹੀ ਵਿਰੋਧੀ ਧਿਰ ਕਾਂਗਰਸ ਦੇ ਆਗੂ ਦਵਿੰਦਰ ਸਿੰਘ ਬਬਲਾ ਭੜਕ ਉਠੇ। ਉਨ੍ਹਾਂ ਮੇਅਰ ਅਤੇ ਕਮਿਸ਼ਨਰ ਨਾਲ ਭਖ਼ਵੀਂ ਬਹਿਸ ਕਰਦਿਆਂ ਇਸ ਏਜੰਡੇ ਨੂੰ ਰੈਫ਼ਰ ਕਰਨ 'ਤੇ ਜ਼ੋਰ ਦਿਤਾ ਪਰੰਤੂ ਮੇਅਰ ਤੇ ਹੋਰ ਭਾਜਪਾ ਕੌਂਸਲਰ ਨਹੀਂ ਮੰਨੇ ਅਤੇ ਉਨ੍ਹਾਂ ਨੇ ਹੋਰ ਨਾਮਜ਼ਦ ਕੌਂਸਲਰਾਂ ਦੇ ਸੁਝਾਵਾਂ ਨਾਲ ਟੈਕਸ ਘਟ ਕਰਨ ਲਈ ਸਹਿਮਤੀ ਦਿਤੀ।
ਵਪਾਰਕ ਜਾਇਦਾਦਾਂ 'ਤੇ ਵਾਧੂ 10ਫ਼ੀ ਸਦੀ ਹਾਊਸ ਟੈਕਸ ਲਈ ਮਤਾ ਪਾਸ : ਚੰਡੀਗੜ੍ਹ ਸ਼ਹਿਰ 'ਚ ਮਿਊਂਸਪਲ ਜਾਇਦਾਦਾਂ ਦੇ ਕਿਰਾਇਆਂ 'ਚ ਹੋਈ 2003 ਤੋਂ 2017 ਤਕ ਕਈ ਗੁਣਾਂ ਵਾਧੂ ਕਮਾਈ ਨੂੰ ਵੇਖਦਿਆਂ ਤੇ ਨਗਰ ਨਿਗਮ ਚੰਡੀਗੜ੍ਹ ਨੂੰ ਪਿਛਲੇ 92 ਕਰੋੜ ਦਾ ਹਾਊਸ ਟੈਕਸ ਦਾ ਘਾਟਾ ਪੂਰਾ ਕਰਨ ਲਈ ਹੁਣ 10ਫ਼ੀ ਸਦੀ ਸਾਲਾਨਾਂ 'ਤੇ ਵਾਧੂ ਟੈਕਸ ਲਾਉਣ ਦਾ ਫ਼ੈਸਲਾ ਕੀਤਾ।
ਨਗਰ ਨਿਗਮ ਦੀ ਆਡਿਟ ਰੀਪੋਰਟ ਮੁਤਾਬਕ 50ਫ਼ੀ ਸਦੀ ਟੈਕਸ ਹੋਰ ਲਾਉਣ ਲਈ ਪ੍ਰਸਤਾਵ ਲਿਆਂਦਾ ਗਿਆ ਸੀ ਪਰੰਤੂ ਵਿਰੋਧੀ ਧਿਰ ਕਾਂਗਰਸ ਦੇ ਆਗੂ ਦਵਿੰਦਰ ਬਬਲਾ ਨੇ ਮੇਅਰ 'ਤੇ ਟੈਕਸ ਲਾਉਣ ਵਾਲੀ ਮੇਅਰ ਦਾ ਦੋਸ਼ ਲਾਇਆ ਅਤੇ ਇਸ ਏਜੰਡੇ ਨੂੰ ਹੋਰ ਅੱਗੇ ਪਾਉਣ 'ਤੇ ਜ਼ੋਰ ਦਿਤਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਵਿਕਾਸ ਲਈ ਰਕਮ ਜੁਟਾਉਣ ਦਾ ਵਾਸਤਾ ਦਿੰਦਿਆਂ ਅਤੇ ਸਾਬਕਾ ਮੇਅਰ ਅਰੁਣ ਸੂਦ ਤੇ ਨਾਮਜ਼ਦ ਕੌਂਸਲਰ ਚਰਨਜੀਤ ਸਿੰਘ ਦੇ ਵਿਰੋਧ ਸਦਕਾ 50ਫ਼ੀ ਸਦੀ ਦੀ ਥਾਂ ਫ਼ਿਲਹਾਲ 10ਫ਼ੀ ਸਦੀ ਵਾਧੂ ਟੈਕਸ ਲਾਉਣ ਦਾ ਮਤਾ ਰੌਲੇ-ਰੱਪੇ 'ਚ ਪਾਸ ਕਰ ਦਿਤਾ।
ਕੂੜੇ ਤੋਂ ਖਾਦ ਬਣਾਉਣ ਵਾਲੇ ਘਰਾਂ ਨੂੰ ਹਾਊਸ ਟੈਕਸ 'ਚ ਛੋਟ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਵੱਡੇ ਮਕਾਨ ਮਾਲਕਾਂ ਅਤੇ ਅਪਣੇ ਘਰਾਂ 'ਚ ਇਕੱਤਰ ਹਰੇ ਪੱਤਿਆਂ ਤੇ ਕੂੜੇ ਆਦਿ ਤੋਂ ਖਾਦ ਬਣਾ ਕੇ ਵਰਤਣ ਵਾਲੇ ਪਰਵਾਰਾਂ ਨੂੰ ਹਾਊਸ ਟੈਕਸ 'ਚ ਸਾਲਾਨਾ 10ਫ਼ੀ ਸਦੀ ਹਾਊਸ ਟੈਕਸ 'ਚ ਛੋਟ ਦੇਣ ਦਾ ਪ੍ਰਸਤਾਵ ਸਰਬ ਸੰਮਤੀ ਨਾਲ ਪਾਸ ਕੀਤਾ।
ਇਸ ਤੋਂ ਇਲਾਵਾ ਮਿਊਂਸਪਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਕੌਂਸਲਰਾਂ ਦੀ ਮੰਗ 'ਤੇ ਕਮਿਉਨਿਟੀ ਸੈਂਟਰ ਦੇ ਵਿਕਾਸ ਸਮੇਤ ਹੋਰ ਕਈ ਮਤੇ ਪਾਸ ਕੀਤੇ।