ਐਸ.ਏ.ਐਸ. ਨਗਰ, 30 ਨਵੰਬਰ (ਗੁਰਮੁਖ ਸਿੰਘ ਵਾਲੀਆ) : ਚੰਡੀਗੜ੍ਹ ਵਿਚ ਪ੍ਰਵਾਸੀ ਆਟੋ ਚਾਲਕ ਅਤੇ ਉਸਦੇ ਦੋ ਸਾਥੀਆਂ ਵਲੋਂ ਇਕ 21 ਸਾਲਾ ਔਰਤ ਨਾਲ ਜਬਰ ਜਨਾਹ ਕਰਨ ਦੀ ਘਟਨਾ ਤੋਂ ਬਾਅਦ ਭਾਵੇਂ ਇਹ ਆਟੋ ਚਾਲਕ ਅਤੇ ਇਸਦੇ ਸਾਥੀ ਪੁਲਿਸ ਨੇ ਗਿਰਫਤਾਰ ਕਰ ਲਏ ਹਨ ਪਰ ਮੁਹਾਲੀ ਵਿਚ ਬਿਨਾਂ ਲਾਇਸੰਸ ਤੋਂ ਆਟੋ ਚਲਾ ਰਹੇ ਵੱਡੀ ਗਿਣਤੀ ਆਟੋ ਚਾਲਕਾਂ ਦੇ ਭੇਸ ਵਿਚ ਕੋਈ ਮੁਜ਼ਰਮ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।
ਇਸ ਦਾ ਪ੍ਰਗਟਾਵਾ ਅੱਜ ਮੁਹਾਲੀ ਦੇ ਟਰੈਫਿਕ ਜੋਨ 3 ਦੇ ਇੰਚਾਰਜ ਸਬ ਇੰਸਪੈਕਟਰ ਸਤਪਾਲ ਸਿੰਘ ਵਲੋਂ ਲਗਾਏ ਨਾਕੇ ਤੋਂ ਹੁੰਦਾ ਹੈ ਜਿੱਥੇ ਡੇਢ ਦਰਜਨ ਤੋਂ ਵੱਧ ਆਟੋ ਚਾਲਕਾਂ ਦੇ ਚਲਾਨ ਕੱਟੇ ਗਏ ਜਿਨ੍ਹਾਂ ਕੋਲ ਲਾਇਸੰਸ ਹੀ ਨਹੀਂ ਸੀ ਅਤੇ ਨਾ ਹੀ ਥ੍ਰੀ ਵ੍ਹੀਲਰਾਂ ਦੇ ਕਾਗਜ਼ ਹੀ ਪੂਰੇ ਸਨ। ਅਜਿਹੇ ਇਕ ਆਟੋ ਨੂੰ ਜ਼ਬਤ ਵੀ ਕੀਤਾ ਗਿਆ ਹੈ। ਬਹਿਰਹਾਲ ਮੁਹਾਲੀ ਪੁਲਿਸ ਨੇ ਹੁਣ ਆਟੋ ਚਾਲਕਾਂ ਦੇ ਖਿਲਾਫ ਮੁਹਿੰਮ ਅਰੰਭੀ ਹੈ ਜਿਸਦੇ ਤਹਿਤ ਆਟੋ ਚਾਲਕਾਂ ਦੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਗਲਤ ਅਨਸਰ ਆਟੋ ਚਾਲਕਾਂ ਦੇ ਭੇਸ ਵਿਚ ਕਿਸੇ ਗਲਤ ਕਾਰਵਾਈ ਨੂੰ ਅੰਜਾਮ ਨਾ ਦੇ ਸਕੇ।ਪੀ.ਸੀ.ਏ. ਸਟੇਡੀਅਮ ਨੇੜੇ ਲਗਾਇਆ ਗਿਆ ਨਾਕਾ : ਮੁਹਾਲੀ ਦੇ ਪੀ.ਸੀ.ਏ. ਸਟੇਡੀਅਮ ਨੇੜੇ ਲਗਾਏ ਗਏ ਨਾਕੇ ਦੀ ਅਗਵਾਈ ਸਬ ਇੰਸਪੈਕਟਰ ਸਤਪਾਲ ਸਿੰਘ ਨੇ ਕੀਤੀ ਜਦੋਂ ਕਿ ਇਸ ਨਾਕੇ ਉੱਤੇ ਹੌਲਦਾਰ ਗੁਰਮੀਤ ਸਿੰਘ, ਕਾਂਸਟੇਬਲ ਨਰਿੰਦਰ ਸਿੰਘ ਸਮੇਤ ਦੋ ਔਰਤ ਕਾਂਸਟੇਬਲਾਂ ਹਰਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ 53 ਵਾਹਨ ਚਾਲਕਾਂ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਜਿਵੇਂ ਸੀਟ ਬੈਲਟ, ਰੈਡ ਲਾਈਟ ਜੰਪ, ਬਿਨਾਂ ਹੈਲਮਟ ਦੇ ਮੋਟਰ ਸਾਈਕਲ ਚਲਾਉਣ, ਦਸਤਾਵੇਜ਼ਾਂ ਦੀ ਘਾਟ ਦੇ ਚਲਾਨ ਕੱਟੇ ਗਏ। ਵੱਡੀ ਗੱਲ ਇਹ ਰਹੀ ਕਿ 18 ਦੇ ਲਗਭਗ ਆਟੋ ਚਾਲਕਾਂ ਦੇ ਬਗੈਰ ਪਰਮਿਟ, ਬਗੈਰ ਲਾਇਸੰਸ ਦੇ ਚਲਾਨ ਕੱਟੇ ਗਏ।