ਵਿਧਾਇਕਾਂ ਦੀ ਟੀਮ ਵਲੋਂ ਪਿੰਡ ਕਾਕਰੋਂ ਦਾ ਦੌਰਾ

ਚੰਡੀਗੜ੍ਹ, ਚੰਡੀਗੜ੍ਹ

ਕੁਰਾਲੀ, 21 ਸਤੰਬਰ (ਸੁਖਵਿੰਦਰ ਸਿੰਘ ਸੁੱਖੀ, ਜਗਦੇਵ ਸਿੰਘ) : ਸੂਬੇ ਵਿਚ ਕਿਸਾਨਾਂ ਵਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ, ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਕ ਤੰਗੀ ਨੂੰ ਜਾਂਚਣ ਅਤੇ ਸੁਝਾਅ ਦੇਣ ਲਈ ਪੰਜਾਬ ਵਿਧਾਨ ਸਭਾ ਵਲੋਂ ਗਠਤ ਵਿਧਾਇਕਾਂ ਦੀ 5 ਮੈਂਬਰੀ ਕਮੇਟੀ ਨੇ ਪਿੰਡ ਕਾਕਰੋਂ (ਰੂਪਨਗਰ) ਦਾ ਦੌਰਾ ਕਰਦਿਆਂ ਮ੍ਰਿਤਕ ਕਿਸਾਨ ਦੇ ਘਰੋਂ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ।
ਜ਼ਿਕਰਯੋਗ ਹੈ ਕਿ ਕੁਰਾਲੀ ਨੇੜਲੇ ਪਿੰਡ ਕਾਕਰੋਂ ਦੇ ਕਿਸਾਨ ਅਮਰਜੀਤ ਸਿੰਘ ਪੁੱਤਰ ਸਾਧੂ ਸਿੰਘ ਨੇ 25 ਜੂਨ 2016 ਨੂੰ ਮੰਦਹਾਲੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਸੀ। ਕਮੇਟੀ ਨੇ ਕਿਸਾਨ ਅਮਰਜੀਤ ਸਿੰਘ ਦੇ ਪਰਵਾਰ ਨਾਲ ਨਿਜੀ ਤੌਰ 'ਤੇ ਮੁਲਾਕਾਤ ਕੀਤੀ। ਇਸ ਦੌਰੇ ਦੌਰਾਨ ਸਦਨ ਦੀ ਕਮੇਟੀ ਵਿਚ ਸਭਾਪਤੀ ਸੁਖਵਿੰਦਰ ਸਿੰਘ ਸੁਖਸਰਕਾਰੀਆ, ਮੈਂਬਰ ਨੱਥੂ ਰਾਮ, ਮੈਂਬਰ ਕੁਲਜੀਤ ਸਿੰਘ ਨਾਗਰਾ ਸਾਰੇ ਕਾਂਗਰਸੀ ਵਿਧਾਇਕ, ਮੈਂਬਰ ਨਾਜਰ ਸਿੰਘ ਮਾਨਸ਼ਾਹੀਆ (ਵਿਧਾਇਕ ਆਪ) ਅਤੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ (ਵਿਧਾਇਕ ਅਕਾਲੀ ਦਲ) ਸ਼ਾਮਲ ਸਨ।
ਕਮੇਟੀ ਦੇ ਸਭਾਪਤੀ ਸੁਖਸਰਕਾਰੀਆ ਨੇ ਦਸਿਆ ਕਿ ਇਸ ਕਮੇਟੀ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਇਸ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਰੇ ਪੰਜਾਬ ਦੇ ਦੌਰੇ ਉਪਰੰਤ ਨਵੰਬਰ ਦੇ ਅੰਤ ਤਕ ਕਮੇਟੀ ਵਲੋਂ ਅਪਣੀ ਰੀਪੋਰਟ ਵਿਧਾਨ ਸਭਾ ਵਿਖੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੀਪੋਰਟ ਤਿਆਰ ਕਰਨ ਤੋਂ ਪਹਿਲਾਂ ਕਮੇਟੀ ਵਲੋਂ ਕਿਸਾਨ ਯੂਨੀਅਨਾਂ ਅਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਉਸ ਤੋਂ ਬਾਅਦ ਉਨ੍ਹਾਂ ਦੀ ਪੜਚੋਲ ਕਰ ਕੇ ਕਿਸਾਨਾਂ ਦੀ ਆਰਥਕਤਾ ਨੂੰ ਮਜ਼ਬੂਤ ਕਰਨ ਲਈ ਯੋਗ ਕਦਮ ਚੁੱਕਣ ਸਬੰਧੀ ਸਿਫ਼ਾਰਸ਼ ਕੀਤੀ ਜਾਵੇਗੀ। ਇਸ ਦੌਰੇ ਦੌਰਾਨ ਨਰਿੰਦਰ ਸਿੰਘ ਮਾਵੀ ਚੇਅਰਮੈਨ ਬਲਾਕ ਸੰਮਤੀ ਰੋਪੜ, ਹਰਪ੍ਰੀਤ ਸਿੰਘ ਬਸੰਤ, ਸਾਬਕਾ ਚੇਅਰਮੈਨ ਗੁਰਨੇਕ ਸਿੰਘ ਭਾਗੋਮਾਜਰਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਖਮੀਰ ਸਿੰਘ, ਪੁਲਿਸ ਕਪਤਾਨ ਰਮਿੰਦਰ ਸਿੰਘ, ਐਸ.ਡੀ.ਐਮ. ਰੂਪਨਗਰ ਹਰਜੋਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ।