ਵਿਦਿਆਰਥੀ ਨੂੰ ਘਸੀਟਣ ਵਾਲਾ ਕਾਰ ਡਰਾਈਵਰ ਗ੍ਰਿਫ਼ਤਾਰ

ਚੰਡੀਗੜ੍ਹ, ਚੰਡੀਗੜ੍ਹ



ਖਰੜ/ਐਸ.ਏ.ਐਸ. ਨਗਰ, 26 ਸਤੰਬਰ (ਨਾਗਪਾਲ, ਸੋਈ) : ਪਿੰਡ ਚੱਪੜਚਿੜੀ  ਲਾਗੇ  ਬੀਤੇ ਦਿਨੀਂ ਹੋਏ ਇਕ ਸੜਕ ਹਾਦਸੇ 'ਚ ਮਾਰੇ ਗਏ ਵਿਦਿਆਰਥੀ ਗੁਰਜੋਤ ਭੁੱਲਰ ਦੇ ਕੇਸ ਵਿਚ ਪੁਲਿਸ ਨੇ ਮੁਲਜ਼ਮ ਨੂੰ ਉਸ ਦੀ ਕਾਰ ਸਣੇ ਕਾਬੂ ਕਰ ਲਿਆ ਹੈ। ਮੁਲਜ਼ਮ ਨੂੰ ਅੱਜ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ।

ਇਸ ਸਬੰਧੀ ਬਲੌਂਗੀ ਥਾਣਾ ਮੁਖੀ ਮੰਜੀਤ ਸਿੰਘ ਨੇ ਦਸਿਆ ਕਿ ਹਾਦਸੇ ਸਮੇਂ ਵਾਇਰਲ ਹੋਈ ਵੀਡੀਉ ਤੋਂ ਉਨ੍ਹਾਂ ਨੂੰ ਮੁਲਜ਼ਮ ਦੀ ਕਾਰ ਦਾ ਨੰਬਰ ਪਤਾ ਲੱਗਾ ਸੀ ਜਿਸ ਦਾ ਰੀਕਾਰਡ ਕਢਵਾਉਣ 'ਤੇ ਪਤਾ ਲੱਗਾ ਕਿ ਇਹ ਸੈਂਟਰੋ ਕਾਰ ਸੈਕਟਰ-19 ਚੰਡੀਗੜ੍ਹ ਦੇ ਕੰਵਰ ਸਤਬੀਰ ਦੇ ਨਾਂ 'ਤੇ ਰਜਿਸਟਰਡ ਹੈ। ਜਦ ਪੁਲਿਸ ਉਸ ਪਤੇ 'ਤੇ ਪੁੱਜੀ ਤਾ ਪਤਾ ਲੱਗਾ ਕਿ ਉਹ ਵਿਅਕਤੀ ਸਰਕਾਰੀ ਮੁਲਾਜ਼ਮ ਸੀ, ਜਿਸ ਨੂੰ ਉਕਤ ਕੁਆਰਟਰ ਸਰਕਾਰ ਵਲੋਂ ਅਲਾਟ ਹੋਇਆ ਸੀ ਜੋ ਹੁਣ ਉਥੇ ਨਹੀਂ ਰਹਿੰਦਾ। ਇਸ ਉਪਰੰਤ ਪੁਲਿਸ ਨੇ ਉਸ ਬਾਰੇ ਪਤਾ ਕੀਤਾ ਜੋ ਖਰੜ ਦੀ ਗਿਲਕੋ ਵੈਲੀ ਦਾ ਰਹਿਣ ਵਾਲਾ ਨਿਕਲਿਆ। ਪੁਲਿਸ ਨੂੰ ਪਤਾ ਲੱਗਾ ਕਿ ਉਕਤ ਕਾਰ ਉਸ ਦਾ ਬੇਟਾ ਪ੍ਰੀਤ ਕੰਵਰ ਚਲਾ ਰਿਹਾ ਸੀ ਜਦ ਇਹ ਹਾਦਸਾ ਵਾਪਰਿਆ। ਉਪਰੰਤ ਪੁਲਿਸ ਨੇ ਅੱਜ ਸਵੇਰੇ ਉਕਤ ਮੁਲਜ਼ਮ ਨੂੰ ਵਲਿੰਗਟਨ ਹਾਇਟਸ ਖਰੜ ਨੇੜੇ ਕਾਬੂ ਕਰ ਲਿਆ। ਮੁਜ਼ਮ ਰੀਅਲ ਅਸਟੇਟ ਵਿਚ ਸੇਲਜ ਮੈਨੇਜਰ ਦਾ ਕੰਮ ਕਰਦਾ ਹੈ।


ਪ੍ਰੀਤ ਕੰਵਰ ਨੇ ਦਸਿਆ ਕਿ ਉਹ ਬੀਤੇ ਦਿਨੀਂ ਚੱਪੜਚਿੜੀ ਪਿੰਡ ਤੋਂ ਜਦ ਕਾਰ 'ਚ ਪਟਰੌਲ ਪਵਾ ਕੇ ਹਾਈਵੇਅ 'ਤੇ ਪੁੱਜਾ ਤਾਂ ਉਸ ਦੀ ਕਾਰ ਨਾਲ ਉਕਤ ਮੋਟਰਸਾਈਕਲ ਸਵਾਰਾਂ ਦੀ ਟੱਕਰ ਹੋ ਗਈ। ਉਸ ਨੇ ਕਾਰ ਦੇ ਸ਼ੀਸ਼ੇ 'ਚੋਂ ਵੇਖਿਆ ਕਿ ਦੋ ਨੌਜਵਾਨ ਸੜਕ 'ਤੇ ਡਿੱਗੇ ਹਨ ਜੋ ਠੀਕਠਾਕ ਹਨ। ਉਹ ਡਰ ਦੇ ਮਾਰੇ ਉਥੋਂ ਭੱਜ ਗਿਆ ਪਰ ਉਸ ਨੂੰ ਨਹੀਂ ਸੀ ਪਤਾ ਇਨ੍ਹਾਂ ਦਾ ਤੀਜਾ ਸਾਥੀ ਉਸ ਦੀ ਕਾਰ ਹੇਠ ਫਸਿਆ ਹੋਇਆ ਹੈ। ਉਸ ਨੂੰ ਤਾਂ ਅਗਲੇ ਦਿਨ ਅਖ਼ਵਾਰਾਂ 'ਚੋਂ ਖ਼ਬਰ ਪੜ੍ਹ ਕੇ ਪਤਾ ਲੱਗਾ ਕਿ ਉਸ ਦੀ ਕਾਰ ਨਾਲ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਮ੍ਰਿਤਕ ਗੁਰਜੋਤ ਨੂੰ ਇਹ ਕਾਰ ਚਾਲਕ ਕਰੀਬ ਇਕ ਕਿਲੋਮੀਟਰ ਤਕ ਘਸੀਟਦਾ ਹੋਇਆ ਲੈ ਗਿਆ ਸੀ।