ਵਿਜੀਲੈਂਸ ਬਿਊਰੋ ਦੀ ਸਾਲ ਭਰ ਰਹੀ ਅਹਿਮ ਭੂਮਿਕਾ

ਚੰਡੀਗੜ੍ਹ

ਐਸ.ਏ.ਐਸ. ਨਗਰ, 30 ਦਸੰਬਰ (ਗੁਰਮੁਖ ਵਾਲੀਆ) : ਜ਼ਿਲ੍ਹਾ ਵਿਜੀਲੈਂਸ ਵਿਭਾਗ ਵਲੋਂ ਇਸ ਸਾਲ ਕਈ ਵਿਭਾਗਾਂ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜੇ ਪੂਰੇ ਸਾਲ 'ਤੇ ਝਾਤ ਮਾਰੀ ਜਾਵੇ ਤਾਂ ਵਿਭਾਗ ਵਲੋਂ 16 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਪਰ ਕਈ ਪੁਰਾਣੇ ਦਰਜ ਮਾਮਲਿਆਂ 'ਚ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਮੁਲਜ਼ਮਾਂ ਨੂੰ ਬਰੀ ਵੀ ਕੀਤਾ ਗਿਆ ਹੈ। ਇਸ ਸਾਲ ਵਿਭਾਗ ਵਲੋਂ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਇਹ ਤਾੜਨਾ ਕੀਤੀ ਗਈ ਸੀ ਕਿ ਰਿਸ਼ਵਤ ਵਰਗੇ ਕੋਹੜ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੀ ਬਾਜ਼ ਅੱਖ ਹਰ ਵੇਲੇ ਉਨ੍ਹਾਂ 'ਤੇ ਰਹੇਗੀ। ਲੋਕਾਂ ਨੂੰ ਜਾਗਰੂਕ ਕਰਨ ਲਈ ਟੋਲ ਫ਼ਰੀ ਨੰਬਰ ਵੀ ਦਿਤਾ ਗਿਆ ਸੀ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਵੀ ਰਿਸ਼ਵਤ ਮੰਗਣ ਵਾਲੇ ਵਿਰੁਧ ਅਪਣੀ ਸ਼ਿਕਾਇਤ ਦੱਸ ਸਕੇ। ਵਿਭਾਗ ਨੂੰ ਇਸ ਸਾਲ ਪਹਿਲੀ ਸਫ਼ਲਤਾ 8 ਫ਼ਰਵਰੀ ਨੂੰ ਮਿਲੀ ਸੀ। ਗਿੱਦੜਬਾਹਾ ਵਿਖੇ ਤੈਨਾਤ ਐਸ.ਡੀ.ਓ. ਪ੍ਰਲਾਦ ਕੁਮਾਰ, ਗੋਰਵ ਕੁਮਾਰ ਅਤੇ ਨਵਦੀਪ ਕੁਮਾਰ ਦੋਵੇਂ ਜੇ.ਈ. ਅਤੇ ਕਲਰਕ ਕਰਨ ਕੁਮਾਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ ਸੀ। ਇਸ ਗੱਲ ਦਾ ਪ੍ਰਗਟਾਵਾ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਕੀਤਾ ਸੀ।
ਸਿੰਚਾਈ ਵਿਭਾਗ 'ਚ ਕਰੋੜਾਂ ਦੇ ਘੁਟਾਲੇ 'ਚ ਠੇਕੇਦਾਰ ਤੇ ਸਾਬਕਾ ਚੀਫ਼ ਇੰਜੀਨੀਅਰ ਗ੍ਰਿਫ਼ਤਾਰ : ਵਿਜੀਲੈਂਸ ਬਿਊਰੋ ਵਲੋਂ ਸਿੰਚਾਈ ਵਿਭਾਗ ਦੇ ਜਿਨ੍ਹਾਂ ਇੰਜੀਨੀਅਰਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ, ਉਨ੍ਹਾਂ 'ਚ ਐਕਸੀਅਨ ਗੁਲਸ਼ਨ ਨਾਗਪਾਲ, ਚੀਫ਼ ਇੰਜਨੀਅਰ (ਸੇਵਾਮੁਕਤ) ਪਰਮਜੀਤ ਸਿੰਘ ਘੁੰਮਣ, ਐਕਸੀਅਨ ਬਜਰੰਗ ਲਾਲ ਸਿੰਗਲਾ, ਚੀਫ਼ ਇੰਜਨੀਅਰ (ਸੇਵਾਮੁਕਤ) ਹਰਵਿੰਦਰ ਸਿੰਘ, ਐਸ.ਡੀ.ਓ (ਸੇਵਾਮੁਕਤ) ਗੁਰਦੇਵ ਸਿੰਘ ਮਿਨ੍ਹਾ, ਸੁਪਰਵਾਈਜ਼ਰ ਵਿਮਲ ਕੁਮਾਰ ਸ਼ਰਮਾ, ਸਿੰਚਾਈ ਵਿਭਾਗ ਦੇ ਕੁੱਝ ਅਧਿਕਾਰੀ, ਇੰਜੀਨੀਅਰ ਤੇ ਕਰਮਚਾਰੀ ਸ਼ਾਮਲ ਹਨ। ਉਕਤ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਗੁਰਿੰਦਰ ਸਿੰਘ ਠੇਕੇਦਾਰ ਨਾਲ ਮਿਲੀਭੁਗਤ ਕਰ ਕੇ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਵਿਜੀਲੈਂਸ ਮੁਤਾਬਕ ਗੁਰਿੰਦਰ ਸਿੰਘ ਨੂੰ ਲਾਭ ਪਹੁੰਚਾਉਣ ਲਈ ਸੀ.ਐਸ.ਆਰ. ਰੇਟਾਂ ਤੋਂ ਵੱਧ ਰੇਟਾਂ 'ਤੇ ਠੇਕੇ ਅਲਾਟ ਕੀਤੇ ਜਾਂਦੇ ਰਹੇ।ਗਮਾਡਾ ਦਾ ਪਹਿਲਵਾਨ ਰਿਹਾ ਵਿਜੀਲੈਂਸ ਦਾ ਪਹਿਲਾਂ ਵੱਡਾ ਸ਼ਿਕਾਰ : ਗਮਾਡਾ ਦੇ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਵਲੋਂ ਚਹੇਤੀਆਂ ਉਸਾਰੀ ਫ਼ਰਮਾਂ ਅਤੇ ਠੇਕੇਦਾਰਾਂ ਦੀ ਤਰਫ਼ਦਾਰੀ ਕਰ ਕੇ ਦਿਤੇ ਟੈਂਡਰਾਂ ਰਾਹੀਂ ਬੇਹਿਸਾਬੀ ਜ਼ਾਇਦਾਦ ਬਣਾਉਣ ਅਤੇ ਗ਼ੈਰ-ਕਾਨੂੰਨੀ ਧਨ ਨੂੰ ਅਪਣੇ ਪਰਵਾਰ ਦੀਆਂ ਜਾਅਲੀ ਫ਼ਰਮਾਂ ਵਿਚ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਬਹੁ-ਚਰਚਿਤ ਚੀਫ਼ ਇੰਜੀਨੀਅਰ ਪਹਿਲਵਾਨ ਸਮੇਤ ਗੁਰਮੇਜ ਸਿੰਘ ਗਿੱਲ ਅਤੇ ਮੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ 8 ਲੱਖ ਰੁਪਏ ਨਗਦ, ਚੈੱਕ, ਐਫ਼.ਡੀ. ਅਤੇ ਕੰਪਿਊਟਰ ਆਦਿ ਜ਼ਬਤ ਕੀਤੇ ਗਏ ਸਨ। ਇਸ ਕੇਸ 'ਚ ਪਹਿਲਵਾਨ ਦੀ ਮਾਂ ਅਤੇ ਪਤਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਨੂੰ ਪਹਿਲਵਾਨ ਅਤੇ ਉਸ ਦੇ ਚਹੇਤਿਆਂ ਦੀਆਂ ਵੱਖ-ਵੱਖ ਥਾਵਾਂ 'ਤੇ ਬਣਾਈਆਂ 92 ਪ੍ਰਾਪਰਟੀਆਂ ਅਤੇ 57 ਕਰੋੜ ਰੁਪਏ ਦੇ ਲੈਣ-ਦੇਣ ਸਬੰਧੀ ਵੀ ਜਾਣਕਾਰੀ ਮਿਲੀ ਸੀ। ਵਿਜੀਲੈਂਸ ਵਲੋਂ ਪਹਿਲਵਾਨ ਵਿਰੁਧ ਦਸਵੀਂ ਦੇ ਸਰਟੀਫ਼ੀਕੇਟ 'ਚ ਹੇਰਾਫੇਰੀ ਕਰਨ ਦਾ ਵੀ ਦੋਸ਼ ਹੈ।ਇਹ ਰਿਸ਼ਵਤਖੋਰ ਅਫ਼ਸਰ ਤੇ ਕਰਮਚਾਰੀ ਵੀ ਆਏ ਅੜਿੱਕੇ : ਪੇਪਰ ਲੀਕ ਮਾਮਲੇ 'ਚ ਵਿਜੀਲੈਂਸ ਨੇ ਪੁੱਡਾ, ਸਿੰਚਾਈ ਵਿਭਾਗ, ਕਾਰਪੋਰੇਸ਼ਨ ਅਤੇ ਪਨਸਪ 'ਚ ਹੋਈ ਭਰਤੀ ਲਈ ਪੇਪਰ ਲੀਕ ਕਰਾ ਕੇ ਲੱਖਾਂ ਰੁਪਏ ਲੈਣ ਵਾਲੇ ਦਲਾਲਾਂ ਅਤੇ ਲੱਖਾਂ ਰੁਪਏ ਦੇਣ ਵਾਲੇ ਪ੍ਰੀਖਿਆਰਥੀਆਂ ਵਿਰੁਧ ਮਾਮਲਾ ਦਰਜ ਕਰ ਕੇ ਮੁੱਖ ਮੁਲਜ਼ਮ ਗੁਰੂ ਜੀ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਅਨੁਸਾਰ ਮੁਕੱਦਮਾ ਨੰਬਰ-4 'ਚ 29 ਮੁਲਜ਼ਮ, ਮੁਕੱਦਮਾ ਨੰਬਰ-5 'ਚ 35, ਮੁਕੱਦਮਾ ਨੰਬਰ-6 'ਚ 9 ਅਤੇ ਮੁਕੱਦਮਾ ਨੰਬਰ-15 'ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ ਜਿਨ੍ਹਾਂ 'ਚ ਅਮਨਦੀਪ ਸਿੰਘ ਜਿਸ ਕੋਲੋਂ 40 ਲੱਖ 20 ਹਜ਼ਾਰ ਰੁਪਏ ਅਤੇ ਮੁਲਜ਼ਮ ਸੁਖਪ੍ਰੀਤ ਸਿੰਘ ਕੋਲੋਂ 16 ਲੱਖ 18 ਹਜ਼ਾਰ ਰੁਪਏ ਵੀ ਬਰਾਮਦ ਵੀ ਕੀਤੇ ਜਾ ਚੁਕੇ ਹਨ। ਦੂਜੇ ਮਾਮਲੇ 'ਚ ਵਿਜੀਲੈਂਸ ਨੇ ਗਮਾਡਾ 'ਚ ਤਾਇਨਾਤ ਸੁਪਰਡੈਂਟ ਨਰਿੰਦਰਪਾਲ ਸਿੰਘ ਅਤੇ ਸੇਵਾਦਾਰ ਕਰਮ ਸਿੰਘ ਨੂੰ 35 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।