ਚੰਡੀਗੜ੍ਹ, 24 ਜਨਵਰੀ (ਬਠਲਾਣਾ) : ਲਗਭਗ 100-150 ਕਰੋੜ ਰੁਪਏ ਦੇ ਵਿੱਤੀ ਘਾਟੇ ਦੀ ਮਾਰ ਹੇਠਾਂ ਆਈ ਪੰਜਾਬ ਯੂਨੀਵਰਸਟੀ ਹੁਣ ਸੈਨੇਟ/ਸਿੰਡੀਕੇਟ ਬੈਠਕਾਂ 'ਤੇ ਕੀਤੇ ਜਾਣ ਵਾਲੇ ਖ਼ਰਚੇ ਕਾਰਨ ਚਰਚਾ ਵਿਚ ਹੈ। ਖ਼ਾਸ ਕਰ ਕੇ 21 ਜਨਵਰੀ ਦੀ ਸੈਨੇਟ ਬੈਠਕ ਵਿਚ ਕੇਵਲ ਇਕ ਮੁੱਦੇ ਨੂੰ ਲੈ ਕੇ 70 ਦੇ ਲਗਭਗ ਮੈਂਬਰ ਬਹਿਸ ਕਰਦੇ ਰਹੇ ਪਰੰਤੂ ਨਤੀਜਾ ਫਿਰ ਵੀ ਕੁੱਝ ਨਹੀਂ ਨਿਕਲਿਆ। ਹੁਣ ਇਹ ਮਾਮਲਾ ਪੁਨਗਰ ਵਿਚਾਰ ਲਈ ਸਿੰਡੀਕੇਟ ਕੋਲ ਭੇਜ ਦਿਤਾ ਗਿਆ ਹੈ, ਜਿਥੋਂ ਇਹ ਪ੍ਰਵਾਨ ਹੋ ਕੇ ਆਇਆ ਸੀ। ਹਾਲਾਂਕਿ ਇਸ ਬੈਠਕ ਵਿਚ ਕਈ ਹੋਰ ਅਹਿਮ ਮੁੱਦੇ ਸਨ, ਜੋ ਵਿਚਾਰੇ ਹੀ ਨਹੀਂ ਜਾ ਸਕੇ। ਜਿਵੇਂ ਕਿ ਸਾਲ 2018-19 ਤੋਂ ਕਰੈਡਿਟ ਬੇਸ ਸਿਸਟਮ ਲਾਗੂ ਕਰਨਾ, ਵੀਸੀ 'ਤੇ ਇਕ ਔਰਤ ਸੈਨੇਟ ਵਲੋਂ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਨੂੰ ਪ੍ਰਵਾਨਗੀ ਮੁੱਖ ਸਨ। 21 ਜਨਵਰੀ ਦੀ ਵਿਸ਼ੇਸ਼ ਮੀਟਿੰਗ ਜੋ ਦਸੰਬਰ ਮਹੀਨੇ ਵਿਚ ਹੋਈ ਸੈਨੇਟ ਦੀ ਮੀਟਿੰਗ ਦੌਰਾਨ ਅਧੂਰੇ ਮੁੱਦਿਆਂ ਨੂੰ ਨਿਪਟਾਉਣ ਲਈ ਰੱਖੀ ਗਈ ਸੀ। ਹੁਣ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਇਕ ਹੋਰ ਬੈਠਕ ਫ਼ਰਵਰੀ ਮਹੀਨੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ।