ਯੂ.ਟੀ. ਵਿਚ ਪੰਜਾਬ ਕੇਡਰ ਦੇ ਅਫ਼ਸਰਾਂ ਦੀਆਂ ਕਈ ਅਸਾਮੀਆਂ ਖ਼ਾਲੀ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 15 ਨਵੰਬਰ (ਸਰਬਜੀਤ ਢਿੱਲੋਂ): ਚੰਡੀਗੜ੍ਹ ਵਿਚ ਪੰਜਾਬ ਕੇਡਰ ਦੇ ਆਈ.ਏ.ਐਸ. ਅਤੇ ਪੀ.ਸੀ.ਐਸ. ਅਫ਼ਸਰਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਡੈਪੂਟੇਸ਼ਨ ਵਾਸਤੇ ਅਫ਼ਸਰਾਂ ਦੇ ਹਾਲੇ ਤਕ ਨਾਂ ਨਹੀਂ ਭੇਜੇ। ਜਿਹੜੇ ਪੈਨਲ ਭੇਜੇ ਸਨ ਉਨ੍ਹਾਂ ਵਿਚ ਕਈ ਊਣਤਾਈਆਂ ਸਨ, ਜਿਸ ਸਦਕਾ ਖ਼ਾਲੀ ਪਈਆਂ ਅਸਾਮੀਆਂ ਨਹੀਂ ਭਰੀਆਂ ਜਾ ਸਕੀਆਂ। ਹੁਣ ਇਨ੍ਹਾਂ ਅਸਾਮੀਆਂ 'ਤੇ ਯੂ.ਟੀ. ਕੇਡਰ ਦੇ ਅਫ਼ਸਰ ਤਾਇਨਾਤ ਹਨ। ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਬਤੌਰ ਕਮਿਸ਼ਨਰ ਤਾਇਨਾਤ ਰਹੇ ਪੰਜਾਬ ਦੇ ਅਧਿਕਾਰੀ ਬਾਲਦਿਉ ਪਾਰਸੂਆਰਥਾ ਕਈ ਹਫ਼ਤੇ ਪਹਿਲਾਂ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ 'ਤੇ ਚਲੇ ਗਏ ਸਨ। ਉਨ੍ਹਾਂ ਵਾਲੀ ਖ਼ਾਲੀ ਥਾਂ ਨੂੰ ਪੂਰ ਕਰਨ ਲਈ  ਹਾਲੇ ਤਕ ਨਾਵਾਂ ਦਾ ਪੈਨਲ ਨਹੀਂ ਭੇਜਿਆ ਗਿਆ। ਇਸ ਪੋਸਟ 'ਤੇ ਹਮੇਸ਼ਾ ਪੰਜਾਬ ਕੇਡਰ ਦਾ ਆਈ.ਏ.ਐਸ. ਅਧਿਕਾਰੀ ਹੀ ਤਾਇਨਾਤ ਹੁੰਦਾ ਹੈ ਪਰ ਹੁਣ ਇਸ 'ਤੇ ਯੂ.ਟੀ. ਕੇਡਰ ਦਾ ਅਧਿਕਾਰੀ ਜਤਿੰਦਰ ਯਾਦਵ ਤਾਇਨਾਤ ਹੈ। ਇਸੇ ਤਰ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਦੀ ਧਰਮ ਪਤਨੀ ਕਵਿਤਾ ਸਿੰਘ, ਜੋ ਪੰਜਾਬ ਕੇਡਰ ਦੀ ਅਧਿਕਾਰੀ ਹੈ, ਵੀ ਚੰਡੀਗੜ੍ਹ ਵਿਚ ਸਿਟਕੋ ਦੇ ਬਤੌਰ ਮੈਨੇਜਿੰਗ ਡਾਇਰੈਕਟਰ ਤਾਇਨਾਤ ਸਨ ਪਰ ਅਕਤੂਬਰ ਮਹੀਨੇ ਉਹ ਅਪਣਾ ਡੈਪੂਟੇਸ਼ਨ ਪੂਰਾ ਕਰ ਕੇ ਵਾਪਸ ਅਪਣੇ ਪਿੱਤਰੀ ਰਾਜ ਪਰਤ ਗਏ। ਉਨ੍ਹਾਂ ਦੀ ਜਗ੍ਹਾ ਭਰਨ ਲਈ ਹਾਲੇ ਤਕ ਪੰਜਾਬ ਸਰਕਾਰ ਨੇ ਨਵੇਂ ਅਫ਼ਸਰਾਂ ਦੀ ਪੈਨਲ ਨਹੀਂ ਭੇਜਿਆ। 

ਸੂਤਰਾਂ ਅਨੁਸਾਰ ਜਿਹੜਾ ਕਵਿਤਾ ਸਿੰਘ ਦੀ ਥਾਂ ਲੈਣ ਲਈ ਜਿਹੜਾ ਨਾਵਾਂ ਦਾ ਪੈਨਲ ਭੇਜਿਆ ਗਿਆ ਸੀ, ਉਸ ਵਿਚ ਪੀ.ਸੀ.ਐਸ. ਤੋ. ਆਈ.ਏ.ਐਸ. ਬਣੇ ਤਿੰਨ ਅਫ਼ਸਰਾਂ ਦੇ ਨਾਂ ਸਨ, ਇਸ ਪੈਨਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰੱਦ ਕਰ ਦਿਤਾ ਗਿਆ ਸੀ ਪਰ ਇਸ ਦੇ ਬਦਲ ਵਿਚ ਹੋਰ ਕੋਈ ਨਵਾਂ ਪੈਨਲ ਨਹੀਂ ਆਇਆ। ਇਸੇ ਦੌਰਾਨ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੀ.ਸੀ.ਐਸ. ਅਫ਼ਸਰਾਂ ਦੀ ਅਨੇਕਾਂ ਅਸਾਮੀਆਂ ਖ਼ਾਲੀ ਹਨ ਪਰ ਸੂਬਾ ਸਰਕਾਰ ਇਨ੍ਹਾਂ ਨੂੰ ਭਰਨ ਵਿਚ ਬਹੁਤੀ ਦਿਲਚਸਪੀ ਨਹੀਂ ਵਿਖਾ ਰਹੀ ਅਤੇ ਨਾ ਹੀ ਸੂਬਾ ਸਰਕਾਰ ਚੰਡੀਗੜ੍ਹ ਵਿਚ 60:40 ਦੇ ਅਨੁਪਾਤ ਨਾਲ ਖ਼ਾਲੀ ਪਈਆਂ ਅਸਾਮੀਆਂ ਪੰਜਾਬ ਅਤੇ ਹਰਿਆਣੇ 'ਚ ਭਰਨ ਲਈ ਦਬਾਅ ਪਾ ਰਹੀ ਹੈ। ਅਜਿਹੀ ਸਥਿਤੀ ਕਾਰਨ ਜ਼ਿਆਦਾ ਅਸਾਮੀਆਂ 'ਤੇ ਯੂ.ਟੀ. ਦੇ ਅਧਿਕਾਰੀ ਕਾਬਜ਼ ਹੋ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਨੇ ਚੰਡੀਗੜ੍ਹ ਵਿਚ ਐਸ.ਐਸ.ਪੀ. ਅਤੇ ਵਿੱਤ ਸਕੱਤਰ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ ਵੀ ਪੈਨਲ ਭੇਜਣ ਵਿਚ ਕਾਫ਼ੀ ਦੇਰੀ ਕਰ ਦਿਤੀ ਸੀ।