ਚੰਡੀਗੜ੍ਹ, 24 ਅਕਤੂਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਕੈਂਪਸ ਵਿਚ ਲੰਗੇ ਮਾਰਗ-ਦਰਸ਼ਕ ਬੋਰਡਾਂ 'ਤੇ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਵਿਦਿਆਰਥੀਆਂ ਦਾ ਸੰਘਰਸ਼ ਅੱਜ ਚੌਥੇ ਦਿਨ 'ਚ ਦਾਖ਼ਲ ਹੋ ਗਿਆ। ਇਸ ਸੰਘਰਸ਼ ਦੇ ਮੋਹਰੀ, ਪੰਜਾਬੀ ਵਿਭਾਗ ਦੇ ਵਿਦਿਆਰਥੀ ਮਹਿਤਾਬ ਸਿੰਘ ਨੇ ਦਸਿਆ ਕਿ ਉਹ ਅੱਜ ਤਖ਼ਤੀਆਂ ਲੈ ਕੇ ਪੀ.ਜੀ.ਆਈ. ਚੌਕ 'ਚ ਖੜੇ ਸਨ ਅਤੇ ਲੋਕਾਂ ਨੂੰ ਪੰਜਾਬੀ ਬੋਲੀ ਪ੍ਰਤੀ ਜਾਗਰੂਕ ਕਰ ਰਹੇ ਸਨ ਪਰ ਉਹ ਪਹਿਲੀ ਨਵੰਬਰ ਨੂੰ ਸੈਕਟਰ-17 'ਚ ਹੋ ਰਹੇ ਵੱਡੇ ਧਰਨੇ ਦੀ ਤਿਆਰੀ ਵਿਚ ਜੁਟੇ ਹੋਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ 500 ਦੇ ਕਰੀਬ ਵਿਦਿਆਰਥੀ ਯੂਨੀਵਰਸਟੀ ਤੋਂ ਸ਼ਾਮਲ ਹੋਣਗੇ।
ਮਹਿਤਾਬ ਸਿੰਘ ਨੇ ਦਾਅਵਾ ਕੀਤਾ ਕਿ ਯੂਨੀਵਰਸਟੀ ਕੈਂਪਸ ਦੀਆਂ ਤਿੰਨ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਐਸ.ਐਫ਼.ਐਸ., ਆਈ.ਐਸ.ਏ. ਅਤੇ ਪੀ.ਐਸ.ਯੂ. (ਲਲਕਾਰ) ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ
ਯੂਨੀਵਰਸਟੀ ਕੈਂਪਸ ਵਿਚ ਪੰਜਾਬ ਨੂੰ ਬਣਦਾ ਸਥਾਨ ਨਹੀਂ ਦਿਤਾ ਜਾ ਰਿਹਾ। ਮਿਸਾਲ ਵਜੋਂ ਸਾਈਨ-ਬੋਰਡਾਂ 'ਤੇ ਪੰਜਾਬੀ ਜਾਂ ਤਾਂ ਗਾਇਬ ਹੈ ਜਾਂ ਫਿਰ ਇਸ ਨੂੰ ਸੱਭ ਤੋਂ ਹੇਠਾਂ ਵਾਲਾ ਸਥਾਨ ਦਿਤਾ ਜਾ ਰਿਹਾ ਹੈ। ਪੰਜਾਬ ਵਿਭਾਗ ਵਿਚ ਪੰਜਾਬੀ ਟਾਈਪ ਕਰਨ ਵਾਲੇ ਕਲਰਕ ਨਹੀਂ ਹਨ, ਖੋਜ ਸਕਾਲਰਾਂ ਨੂੰ ਪੰਜਾਬੀ ਅਨੁਵਾਦਕਾਂ ਦੀ ਸਹੂਲਤ ਨਹੀਂ ਹੈ। ਮਜਬੂਰੀ ਵਿਚ ਉਨ੍ਹਾਂ ਨੂੰ ਅਪਣੇ ਖੋਜ ਖ਼ਰਚੇ ਜਾਂ ਤਾਂ ਅੰਗਰੇਜ਼ੀ 'ਚ ਹੀ ਦੇਣੇ ਪੈਂਦੇ ਹਨ ਜਾਂ ਫਿਰ ਅਪਣੇ ਖ਼ਰਚੇ 'ਤੇ ਬਾਹਰੋਂ ਅਨੁਵਾਦ ਕਰਵਾ ਕੇ ਟਾਈਪ ਕਰਨੇ ਪੈਂਦੇ ਹਨ। ਉਨ੍ਹਾਂ ਸਲਾਹ ਦਿਤੀ ਕਿ ਯੂਨੀਵਰਸਟੀ ਅਧਿਆਪਕਾਂ ਨੂੰ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ 23 ਅਕਤੂਬਰ ਤੋਂ 20 ਅਕਤੂਬਰ ਤਕ ਵੀ.ਸੀ. ਦਫ਼ਤਰ ਅੱਗੇ ਰੋਜ਼ਾਨਾ ਪੰਜਾਬੀ ਸਿਖਾਉਣ ਦੀ ਕਲਾਸ ਲਾਉਣ ਦਾ ਪ੍ਰੋਗਰਾਮ ਦਿਤਾ ਹੋਇਆ ਹੈ, ਜਿਥੇ ਵਿਦਿਆਰਥੀ ਜਥੇਬੰਦੀਆਂ ਦੇ ਬੁਲਾਰੇ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਆਉਂਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ 30 ਅਕਤੂਬਰ ਨੁੰ ਅੰਗਰੇਜ਼ੀ ਵਾਲੇ ਸਾਈਨ ਬੋਰਡਾਂ 'ਤੇ ਕਾਲਖ ਫੇਰਨ ਦਾ ਪ੍ਰੋਗਰਾਮ ਵੀ ਦਿਤਾ ਹੋਇਆ ਹੈ।