ਚੰਡੀਗੜ੍ਹ, 9 ਅਗੱਸਤ (ਜੈ ਸਿੰਘ ਛਿੱਬਰ) : ਚੁਫ਼ੇਰਿਉਂ ਕਿਰਕਿਰੀ ਹੋਣ ਤੋਂ ਬਾਅਦ ਸਿਆਸੀ ਦਬਾਅ ਦੇ ਲੱਗੇ 'ਦਾਗ' ਨੂੰ ਧੋਣ ਲਈ ਆਖ਼ਰ ਚੰਡੀਗੜ੍ਹ ਪੁਲਿਸ ਨੇ ਬਹੁਚਰਚਿਤ ਆਈ.ਏ.ਐਸ. ਦੀ ਬੇਟੀ ਨਾਲ ਛੇੜਛਾੜ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਧਾਨ ਤੇ ਵਿਧਾਇਕ ਸੁਭਾਸ਼ ਬਰਾਲਾ ਦੇ ਫਰਜੰਦ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਅਸੀਸ਼ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆਂ ਨੂੰ ਅੱਜ ਸੈਕਟਰ 26 ਪੁਲਿਸ ਥਾਣੇ 'ਚ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਸੀ।
ਜਾਂਚ ਦੌਰਾਨ ਦੋਸ਼ੀਆਂ ਕੋਲੋ ਮੁਢਲੀ ਪੁਛਗਿੱਛ ਦੇ ਆਧਾਰ 'ਤੇ ਦਰਜ ਕੀਤੇ ਮੁਕੱਦਮੇ ਵਿਚ ਅਗ਼ਵਾ ਕਰਨ ਦੀ ਕੋਸ਼ਿਸ਼ ਕਰਨ ਦੀ ਧਾਰਾ ਜੋੜਦੇ ਹੋਏ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਜੀ.ਪੀ. ਤਜਿੰਤਰ ਸਿੰਘ ਲੁਥਰਾ ਨੇ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਪੁਲਿਸ ਨੂੰ ਰੂਟ ਦਾ ਨਕਸ਼ਾ ਤੇ ਕੁੱਝ ਹੋਰ ਸਾਬੂਤ ਮਿਲੇ ਸਨ, ਜਿਸ ਦੇ ਆਧਾਰ 'ਤੇ ਦੋਸ਼ੀਆਂ ਵਿਰੁਧ ਅਗ਼ਵਾ ਦੀ ਧਾਰਾ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਲ ਅਦਾਲਤ 'ਚ ਪੇਸ਼ ਕਰ ਕੇ ਰੀਮਾਂਡ ਲਿਆ ਜਾਵੇਗਾ। ਇੰਨੀ ਗੱਲ ਆਖ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਡੀ.ਜੀ.ਪੀ ਪ੍ਰੈਸ ਕਾਨਫ਼ਰੰਸ ਛੱਡ ਕੇ ਚਲੇ ਗਏ।
ਚੇਤੇ ਰਹੇ ਕਿ ਇਸ ਤੋਂ ਵਿਧਾਇਕ ਸੁਭਾਸ਼ ਬਰਾਲਾ ਤੇ ਪਾਰਟੀ ਦੇ ਬੁਲਾਰੇ ਜਵਾਹਰ ਯਾਦਵ ਨੇ ਸਵੇਰੇ ਪ੍ਰੈੱਸ ਕਾਨਫ਼ਰੰਸ ਬੁਲਾਈ। ਜਿਉਂ ਹੀ ਪ੍ਰੈੱਸ ਕਾਨਫ਼ਰੰਸ ਸੁਰੂ ਹੋਈ ਤਾਂ ਮੋਬਾਈਲ ਫ਼ੋਨ 'ਤੇ ਬਰਾਲਾ ਨੂੰ ਉਸ ਦੇ ਬੇਟੇ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ ਤੇ ਉਹ ਪੱਤਰਕਾਰ ਵਾਰਤਾ ਵਿਚਾਲੇ ਛੱਡ ਕੇ ਚਲੇ ਗਏ।
ਜਾਣਕਾਰੀ ਅਨੁਸਾਰ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਅਸ਼ੀਸ਼ ਨੂੰ ਪੁਲਿਸ ਨੇ ਜਾਂਚ ਵਿਚ ਸ਼ਾਮਲ ਹੋਣ ਲਈ ਸੰਮਨ ਭੇਜੇ ਸਨ, ਪਰ ਦੋਵਾਂ ਨੇ ਸੰਮਨ ਲੈਣ ਤੋਂ ਇਨਕਾਰ ਕਰ ਦਿਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਲ ਰਾਤ ਨੂੰ ਉਸ ਦੇ ਘਰ ਦੇ ਬਾਹਰ ਨੋਟਿਸ ਲਗਾ ਕੇ ਅੱਜ ਸਵੇਰੇ 11 ਵਜੇ ਸੈਕਟਰ 26 ਪੁਲਿਸ ਸਟੇਸ਼ਨ ਜਾਂਚ 'ਚ ਸ਼ਾਮਲ ਹੋਣ ਲਈ ਸੱਦਿਆ ਸੀ। ਬੇਸ਼ੱਕ ਪੁਲਿਸ ਸਿਆਸੀ ਦਬਾਅ ਨਾ ਹੋਣ ਦਾ ਦਾਅਵਾ ਕਰ ਰਹੀ ਹੈ, ਪਰ ਪੁਲਿਸ ਨੇ ਇਕ ਆਈ.ਏ.ਐਸ. ਦੀ ਬੇਟੀ ਵਲੋਂ 100 ਨੰਬਰ 'ਤੇ ਫ਼ੋਨ ਕਰਨ ਦੇ ਬਾਵਜੂਦ ਦੋਸ਼ੀਆਂ ਵਿਰੁਧ ਸਖ਼ਤ ਧਰਾਵਾਂ ਲਗਾਉਣ ਤੋਂ ਪ੍ਰਹੇਜ ਕੀਤਾ। ਚਰਚਾ ਹੈ ਕਿ ਜਦੋਂ ਪੁਲਿਸ ਨੇ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕੀਤਾ ਸੀ ਤਾਂ ਉਸ ਸਮੇਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ, ਪੁਲਿਸ ਨੇ ਦੋਸ਼ੀਆਂ ਦਾ ਸ਼ਰਾਬ ਪੀਣ ਬਾਰੇ ਕੋਈ ਟੈਸਟ ਕਰਵਾਉਣ ਦਾ ਹੀਆ ਨਹੀਂ ਕੀਤਾ। ਜਦਕਿ ਆਮ ਨਾਕਿਆਂ 'ਤੇ ਪੁਲਿਸ ਵਲੋਂ ਸ਼ਰਾਬੀਆਂ ਡਰਾਈਵਰਾਂ ਦਾ ਚਲਾਨ ਕੱਟਣ ਲਈ ਅਕਸਰ ਮੀਟਰ ਲਗਾਏ ਜਾਂਦੇ ਹਨ। ਜਦਕਿ ਅਗ਼ਵਾ ਵਰਗੇ ਸੰਗੀਨ ਦੋਸਾਂ 'ਚ ਪੁਲਿਸ ਨੇ ਦੋਵੇ ਦੋਸ਼ੀਆਂ ਦਾ ਸ਼ਰਾਬ ਦਾ ਸੈਂਪਲ ਲੈਣ ਲਈ ਪਿਸ਼ਾਬ ਤੇ ਖ਼ੂਨ ਦੇ ਟੈਸਟ ਲੈਣ ਲਈ ਮੈਡੀਕਲ ਟੈਸਟ ਨਹੀਂ ਕਰਵਾਇਆ।
ਹਾਈਪ੍ਰੋਫ਼ਾਈਲ ਮਾਮਲਾ ਹੋਣ ਕਰ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਹਮਲੇ, ਧਰਨਿਆਂ ਅਤੇ ਸੰਸਦ ਵਿਚ ਗੂੰਜ ਪੈਣ ਤੋਂ ਬਾਅਦ ਪੁਲਿਸ ਹਰਕਤ 'ਚ ਆਈ। ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਚਰਚਾ ਹੈ ਕਿ ਵਿਕਾਸ ਤੇ ਅਸ਼ੀਸ਼ ਨਾਲ ਇਕ ਹੋਰ ਭਾਜਪਾ ਆਗੂ ਦਾ ਬੇਟਾ ਨਾਲ ਸੀ, ਪਰ ਉਸ ਦੀ ਕੋਈ ਗੱਲ ਨਹੀਂ ਕਰ ਰਿਹਾ।