ਬੇਖ਼ੌਫ਼ ਚਲ ਰਹੇ ਹਨ 10 ਹਜ਼ਾਰ ਆਟੋ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 20 ਜੁਲਾਈ (ਸਰਬਜੀਤ ਢਿੱਲੋਂ): ਸਟੇਟ ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਈ ਨਾਲ ਸੋਹਣੇ ਸ਼ਹਿਰ ਦੀਆਂ ਸੜਕਾਂ 'ਤੇ ਪੰਜਾਬ ਅਤੇ ਪੰਚਕੂਲਾ 'ਚ ਰਜਿਸਟਰਡ ਅਤੇ ਬਿਨਾਂ ਪਰਮਿਟ ਆਟੋ ਰਿਕਸ਼ਾ ਬੇਖ਼ੌਫ਼ ਹੋ ਕੇ ਦਿਨ-ਰਾਤ ਦੌੜ ਰਹੇ ਹਨ ਜਿਸ ਨਾਲ ਚੰਡੀਗੜ੍ਹ 'ਚ ਆਉਂਦੇ-ਜਾਂਦੇ ਰਾਹਗੀਰਾਂ, ਪੈਦਲ ਤੇ ਸਾਈਕਲ ਸਵਾਰ ਸੜਕਾਂ 'ਤੇ ਵਧ ਰਹੀਆਂ ਭੀੜਾਂ ਸਦਕਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਚੰਡੀਗੜ੍ਹ, 20 ਜੁਲਾਈ (ਸਰਬਜੀਤ ਢਿੱਲੋਂ): ਸਟੇਟ ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਈ ਨਾਲ ਸੋਹਣੇ ਸ਼ਹਿਰ ਦੀਆਂ ਸੜਕਾਂ 'ਤੇ ਪੰਜਾਬ ਅਤੇ ਪੰਚਕੂਲਾ 'ਚ ਰਜਿਸਟਰਡ ਅਤੇ ਬਿਨਾਂ ਪਰਮਿਟ ਆਟੋ ਰਿਕਸ਼ਾ ਬੇਖ਼ੌਫ਼ ਹੋ ਕੇ ਦਿਨ-ਰਾਤ ਦੌੜ ਰਹੇ ਹਨ ਜਿਸ ਨਾਲ ਚੰਡੀਗੜ੍ਹ 'ਚ ਆਉਂਦੇ-ਜਾਂਦੇ ਰਾਹਗੀਰਾਂ, ਪੈਦਲ ਤੇ ਸਾਈਕਲ ਸਵਾਰ ਸੜਕਾਂ 'ਤੇ ਵਧ ਰਹੀਆਂ ਭੀੜਾਂ ਸਦਕਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੀ ਸਟੇਟ ਰਜਿਸਟਰਿੰਗ ਅਤੇ ਲਾਈਸੈਂਸਿੰਗ ਅਥਾਰਟੀ ਵਲੋਂ ਸਿਰਫ਼ ਚਾਰ ਹਜ਼ਾਰ ਦੇ ਕਰੀਬ ਹੀ ਆਟੋ ਰਿਕਸ਼ਾ ਰਜਿਸਟਰਡ ਹਨ ਜਿਨ੍ਹਾਂ ਵਿਚ ਐਲ.ਪੀ.ਜੀ. ਅਤੇ ਪਟਰੌਲ ਨਾਲ ਚੱਲਣ ਵਾਲੇ ਵਾਹਨ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਸ਼ਹਿਰ 'ਚ ਆਟੋ ਚਲਾਉਣ ਲਈ ਪੱਕੇ ਪਰਮਿਟ ਮੌਜੂਦ ਹਨ, ਜਦਕਿ ਹੋਰ 10 ਹਜ਼ਾਰ ਦੇ ਕਰੀਬ ਆਟੋ ਰਿਕਸ਼ਾ ਚੰਡੀਗੜ੍ਹ ਦੀਆਂ ਸੜਕਾਂ 'ਤੇ ਅਫ਼ਸਰਾਂ ਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਫ਼ੀ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ।
ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵਲੋਂ ਸ਼ਹਿਰ 'ਚ ਪ੍ਰਦੂਸ਼ਣ ਘੱਟ ਕਰਨ ਲਈ ਹਾਈ ਕੋਰਟ ਦੀਆਂ ਹਦਾਇਤਾਂ 'ਤੇ 2012 'ਚ ਸ਼ਹਿਰ ਵਿਚ ਚੱਲ ਰਹੇ 15 ਸਾਲ ਪੁਰਾਣੇ ਡੀਜ਼ਲ ਆਟੋ ਰਿਕਸ਼ਾ ਚਲਾਉਣ 'ਤੇ ਪਾਬੰਦੀ ਲਾ ਦਿਤੀ ਸੀ ਪਰ ਫਿਰ ਵੀ ਕਾਫ਼ੀ ਸਮਾਂ 2014 ਤਕ ਇਹ ਆਟੋ ਰਿਕਸ਼ਾ ਵਾਲੇ ਲੋਕਾਂ ਦੀ ਜਾਨ ਦਾ ਖ਼ੌਫ਼ ਬਣੇ ਰਹੇ ਸਨ।
ਸੂਤਰਾਂ ਅਨੁਸਾਰ ਚੰਡੀਗੜ੍ਹ 'ਚ 15 ਲੱਖ ਦੇ ਕਰੀਬ ਲੋਕਾਂ ਕੋਲ ਅਪਣੇ ਘਰਾਂ 'ਚ ਨਿਜੀ ਮੋਟਰ ਵਾਹਨ ਹਨ। ਇਸ ਤੋਂ ਇਲਾਵਾ ਨਿਜੀ ਸਕੂਲਾਂ ਦੇ ਬੱਚਿਆਂ ਨੂੰ ਛਡਣ ਵਾਲੀਆਂ ਬਸਾਂ ਆਦਿ ਤੋਂ ਇਲਾਵਾ 5 ਲੱਖ ਰੋਜ਼ਾਨਾ ਹੋਰ ਟਰਾਈਸਿਟੀ ਦੇ ਵਾਹਨ ਅਤੇ ਬਾਹਰੋਂ ਆਉਣ ਵਾਲੇ ਵਾਹਨਾਂ ਨੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਇੰਨਾ ਭੀੜ-ਭੜੱਕਾ ਵਧਾ ਦਿਤਾ ਹੈ ਕਿ 1952 ਵਿਚ 5 ਲੱਖ ਦੇ ਕਰੀਬ ਲੋਕਾਂ ਦੇ ਰਹਿਣ ਲਈ ਬਣੀਆਂ ਖੁਲ੍ਹੀਆ-ਡੁਲ੍ਹੀਆਂ ਸੜਕਾਂ ਹੁਣ ਬਦਸੂਰਤ ਸ਼ਕਲ ਅਖ਼ਤਿਆਰ ਕਰ ਚੁਕੀਆਂ ਹਨ।
ਚੰਡੀਗੜ੍ਹ 'ਚ ਹਰ ਸਾਲ ਸੜਕ ਹਾਦਸਿਆਂ 'ਚ 500 ਦੇ ਕਰੀਬ ਲੋਕ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਤਿੰਨ ਗੁਣਾ ਲੋਕ ਅਪਣੀਆਂ ਹੱਡੀਆਂ ਤੁੜਵਾ ਲੈਂਦੇ ਹਨ।
ਸਟੇਟ ਟਰਾਂਸਪੋਰਟ ਅਥਾਰਟੀ ਸੈਕਟਰ-18 ਦੇ ਇੰਚਾਰਜ ਰਾਜੀਵ ਜੈਨ ਨੇ ਦਸਿਆ ਕਿ ਉਨ੍ਹਾਂ ਵਲੋਂ ਚੰਡੀਗੜ੍ਹ ਸ਼ਹਿਰ 'ਚ ਬਾਹਰੋਂ ਰਜਿਸਟਰਡ ਹੋਏ ਆਟੋ ਰਿਕਸ਼ਿਆਂ ਨੂੰ ਰੋਕਣ ਲਈ ਕਾਫ਼ੀ ਸਖ਼ਤੀ ਨਾਂਲ ਕਦਮ ਪੁੱਟੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜਾ ਆਟੋ ਵਿਭਾਗ ਕੋਲ ਕਾਊਂਟਰ ਸਾਈਨ ਨਹੀਂ ਕਰਵਾਉਂਦਾ ਉਸ ਦਾ ਚਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਵਲੋਂ ਅਜਿਹੇ ਵਾਹਨ ਮਾਲਕਾਂ ਵਿਰੁਧ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ।