ਆਮ ਆਦਮੀ ਪਾਰਟੀ ਦਾ ਹਿੱਸਾ ਬਣੀ ਅਨਮੋਲ ਗਗਨ ਮਾਨ
ਅਨਮੋਲ ਗਗਨ ਮਾਨ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਹੋ ਕੇ ਚੁੱਕਦੀ ਆਈ ਹੈ
ਚੰਡੀਗੜ੍ਹ: ਹਰ ਇਕ ਮੁੱਦੇ 'ਤੇ ਬੇਬਾਕ ਬੋਲਣ ਵਾਲੀ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਪੰਜਾਬ 'ਚ ਸ਼ਾਮਲ ਹੋ ਗਈ ਹੈ। ਇਹ ਜਾਣਕਾਰੀ 'ਆਪ' ਆਗੂ ਬਲਦੇਵ ਸਿੰਘ ਜੈਤੋ ਦੇ ਫੇਸਬੁੱਕ ਅਕਾਊਂਟ ਤੋਂ ਮਿਲੀ ਹੈ। ਅਨਮੋਲ ਗਗਨ ਮਾਨ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਹੋ ਕੇ ਚੁੱਕਦੀ ਆਈ ਹੈ, ਜਿਸ ਤੋਂ ਕਿਤੇ ਨਾ ਕਿਤੇ ਇਹ ਆਸ ਲਗਾਈ ਜਾ ਰਹੀ ਸੀ ਕਿ ਉਹ ਸਿਆਸਤ 'ਚ ਕਦਮ ਰੱਖ ਸਕਦੀ ਹੈ।
ਬਲਦੇਵ ਸਿੰਘ ਜੈਤੋ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਫੇਸਬੁੱਕ 'ਤੇ ਲਿਖਿਆ, 'ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀ ਹੈ। ਪਿਛਲੇ ਜੂਨ ਮਹੀਨੇ ਵਿੱਚ ਹੀ ਮੈਂ ਇਨ੍ਹਾਂ ਦੇ ਘਰ ਇਨਾਂ ਦੇ ਪਿਤਾ ਜੋਧਾ ਸਿੰਘ ਮਾਨ ਜੀ ਦੇ ਸੱਦੇ ਤੇ ਮੁਹਾਲੀ ਵਿਖੇ ਗਿਆ ਸੀ।
ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਲਗਪਗ ਦੋ ਘੰਟੇ ਗੱਲਬਾਤ ਹੋਈ। ਅਨਮੋਲ ਕਾਫੀ ਪ੍ਰਭਾਵਿਤ ਹੋਈ। ਮੈਂ ਦਿੱਲੀ ਤੱਕ ਵੀ ਗੱਲ ਪਹੁੰਚਾ ਦਿੱਤੀ ਸੀ। ਅਖੀਰ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲਿਆਉਣ ਦਾ ਤੁਹਾਡਾ ਯੋਗਦਾਨ ਵੱਧ ਹੋਵੇਗਾ।'
ਇਹ ਕੋਈ ਪਹਿਲੀ ਵਾਰ ਨਹੀਂ ਜਦ ਕੋਈ ਸੈਲੇਬ੍ਰਿਟੀ ਸਿਆਸਤ 'ਚ ਕਦਮ ਰੱਖ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਸੰਨੀ ਦਿਓਲ, ਹੰਸ ਰਾਜ ਹੰਸ ਵਰਗੇ ਕਈ ਨਾਂ ਸਿਆਸਤ ਨਾਲ ਜੁੜ ਚੁੱਕੇ ਹਨ।